ਸਰਕਾਰ ਦੀ ਨਾਅਹਿਲੀਅਤ ਤੋਂ ਅੱਕੇ ਕਿਸਾਨਾਂ ਨੇ ਫੜਿਆ ਬਗ਼ਾਵਤ ਦਾ ਰਾਹ

October 13 2018

ਚੰਡੀਗੜ੍ਹ: ਗਰੀਨ ਟ੍ਰਿਬਿਊਨਲ ਦੀਆਂ ਸਖ਼ਤ ਹਦਾਇਤਾਂ ਦੇ ਬਾਵਜੂਦ ਸਰਕਾਰ ਵੱਲੋਂ ਪਰਾਲ਼ੀ ਦੇ ਨਿਬੇੜੇ ਦਾ ਢੁੱਕਵਾਂ ਹੱਲ ਨਾ ਕੱਢਣ ਤੇ ਕਿਸਾਨਾਂ ਨੇ ਬਗ਼ਾਵਤੀ ਰਾਹ ਅਖ਼ਤਿਆਰ ਕਰ ਲਿਆ ਹੈ। ਸਰਕਾਰ ਵੱਲੋਂ ਕਿਸਾਨਾਂ ਨੂੰ ਲੋੜੀਂਦੀ ਮਸ਼ੀਨਰੀ ਤੇ ਪਰਾਲ਼ੀ ਦੇ ਨਿਬੇੜੇ ਲਈ ਮੁਆਵਜ਼ਾ ਰਾਸ਼ੀ ਨਾ ਦੇਣ ਦੇ ਵਿਰੋਧ ਵਿੱਚ ਅੱਜ ਪੂਰੇ ਪੰਜਾਬ ਦੇ ਕਿਸਾਨ ਪਰਾਲ਼ੀ ਸਾੜਨਗੇ। ਇਸ ਦੀ ਸ਼ੁਰੂਆਤ ਸੰਗਰੂਰ ਤੋਂ ਕੀਤੀ ਜਾਵੇਗੀ, ਜਿੱਥੇ ਕਿਸਾਨ ਡੀਸੀ ਦਫ਼ਤਰ ਦੇ ਬਾਹਰ ਪਰਾਲ਼ੀ ਸਾੜ ਕੇ ਆਪਣਾ ਰੋਸ ਜਤਾਉਣਗੇ।

ਕਿਸਾਨ ਯੂਨੀਅਨਾਂ ਦੇ ਸੱਦੇ ਤੇ ਕਿਸਾਨਾਂ ਨੇ ਪੰਜਾਬ ਵਿੱਚ ਝੋਨੇ ਦੀ ਪਰਾਲ਼ੀ ਨੂੰ ਸਾੜਨ ਦੀ ਸ਼ੁਰੂਆਤ ਕਰ ਦਿੱਤੀ ਹੈ। ਇਸੇ ਕੜੀ ਤਹਿਤ ਫ਼ਰੀਦਕੋਟ ਦੇ ਕਿਸਾਨਾਂ ਨੇ ਪਿੰਡ ਗੋਲੇਵਾਲਾ ਵਿੱਚ ਪਰਾਲ਼ੀ ਨੂੰ ਸਾੜੀ ਗਈ ਤੇ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਯੂਨੀਅਨ ਦੇ ਮੁੱਖ ਬੁਲਾਰੇ ਗੁਰਮੀਤ ਸਿੰਘ ਨੇ ਦੱਸਿਆ ਕਿ ਸਰਕਾਰ ਕਿਸਾਨਾਂ ਤੋ ਬਿਨਾ ਸਲਾਹ ਲਏ ਹੀ ਖ਼ੁਦ ਨੀਤੀ ਬਣਾ ਕੇ ਲਾਗੂ ਕਰ ਦਿੰਦੀ ਹੈ।

ਉਨ੍ਹਾਂ ਕਿਹਾ ਕਿ ਕਿਸਾਨ ਹਰ ਹਾਲ ਵਿੱਚ ਪਰਾਲ਼ੀ ਨੂੰ ਅੱਗ ਲਾਉਣਗੇ ਤੇ ਜੋ ਵੀ ਅਧਿਕਾਰੀ ਉਨ੍ਹਾਂ ਕੋਲ ਕਾਰਵਾਈ ਲਈ ਆਵੇਗਾ ਉਸ ਦਾ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਗਰੀਨ ਟ੍ਰਿਬਿਊਨਲ ਪਰਾਲ਼ੀ ਨੂੰ ਸਾੜਨ ਤੋਂ ਰੋਕਣ ਦੇ ਨਾਲ-ਨਾਲ ਸਰਕਾਰਾਂ ਨੂੰ ਕਿਸਾਨਾਂ ਲਈ ਪਰਾਲ਼ੀ ਦੇ ਹੱਲ ਲਈ ਕਿਸਾਨਾਂ ਨੂੰ ਸੁਵਿਧਾਵਾਂ ਦੇਣ ਲਈ ਹਿਦਾਇਤਾਂ ਵੀ ਕਰਦਾ ਹੈ, ਉਹ ਤਾਂ ਉਨ੍ਹਾਂ ਨੂੰ ਮਿਲਦੀਆਂ ਹੀ ਨਹੀਂ ਪਰ ਸਰਕਾਰ ਉਨ੍ਹਾਂ ਨੂੰ ਪ੍ਰੇਸ਼ਾਨ ਕੀਤਾ ਜਾਂਦਾ ਹੈ। ਬੁਲਾਰੇ ਨੇ ਕਿਹਾ ਕਿ ਜੇਕਰ ਸਰਕਾਰ ਖੇਤਾਂ ਵਿੱਚੋਂ ਪਰਾਲ਼ੀ ਆਪੇ ਚੁੱਕਣ ਲੱਗ ਜਾਵੇ ਤਾਂ ਸਾਰੀ ਸਮੱਸਿਆ ਦਾ ਹੱਲ ਹੋ ਸਕਦਾ ਹੈ।

Source: ABP Sanjha