ਮੱਠੀ ਪਈ ਮਾਨਸੂਨ ਦਾ ਰਫ਼ਤਾਰ

August 07 2018

ਨਵੀਂ ਦਿੱਲੀ: ਆਉਣ ਵਾਲੇ ਦਿਨਾਂ ਵਿੱਚ ਮਾਨਸੂਨ ਦੇ ਛਰਾਟੇ ਆਮ ਨਾਲੋਂ ਘੱਟ ਪੈਣਗੇ। ਭਾਰਤੀ ਮੌਸਮ ਵਿਭਾਗ ਨੇ ਇਹ ਦਾਅਵਾ ਕੀਤਾ ਹੈ ਕਿ ਅਗਸਤ ਤੇ ਸਤੰਬਰ ਵਿੱਚ ਪਹਿਲਾਂ ਮਾਨਸੂਨ ਆਮ ਵਾਂਗ ਰਹਿਣ ਦੀ ਭਵਿੱਖਬਾਣੀ ਸੀ, ਪਰ ਹੁਣ ਮਾਨਸੂਨ ਸੀਜ਼ਨ ਦੇ ਅੱਧ ਵਿੱਚ ਮੀਂਹ ਆਮ ਨਾਲੋਂ ਘੱਟ ਪੈਣਗੇ। ਬਰਸਾਤ ਘਟਣ ਦਾ ਸਿੱਧਾ ਅਸਰ ਸਾਉਣੀ ਦੀਆਂ ਫ਼ਸਲਾਂ ਤੇ ਹੋ ਸਕਦਾ ਹੈ।

ਮੌਸਮ ਵਿਭਾਗ ਮੁਤਾਬਕ ਅਗਸਤ 2018 ਵਿੱਚ ਐਲਪੀਏ ਯਾਨੀ ਲੰਮੇ ਸਮੇਂ ਦੀ ਔਸਤ 96 (9 ਫ਼ੀਸਦੀ ਘਾਟਾ ਜਾਂ ਵਾਧਾ) ਰਹਿਣ ਦੀ ਆਸ ਹੈ। ਜੂਨ ਵਿੱਚ ਇਸ ਦੀ ਭਵਿੱਖਬਾਣੀ ਜ਼ਿਆਦਾ ਕੀਤੀ ਹੋਈ ਸੀ। ਮਾਨਸੂਨ ਦੇ ਮੀਹਾਂ ਦੀ ਆਮ ਤੌਰ ਤੇ ਰੇਂਜ ਐਲਪੀਏ ਦਾ 96-104 ਫ਼ੀਸਦ ਰਹਿੰਦੀ ਹੈ। 90-96 ਐਲਪੀਏ ਰੇਂਜ ਨੂੰ ਆਮ ਤੋਂ ਘੱਟ ਦੱਸਿਆ ਜਾਂਦਾ ਹੈ।

ਤਾਜ਼ਾ ਭਵਿੱਖਬਾਣੀ ਵਿੱਚ ਅਗਸਤ ਦੇ ਅੰਤ ਤਕ ਐਲਪੀਏ ਦਾ ਅੰਕੜਾ 88 ਫ਼ੀਸਦ ਰਹਿਣ ਵਾਲਾ ਹੈ ਜਦਕਿ ਇਸ ਤੋਂ ਪਹਿਲਾਂ 93 ਫ਼ੀਸਦੀ ਰਹਿਣ ਦੀ ਆਸ ਹੈ। ਜੂਨ ਵਿੱਚ 155.3 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ ਸੀ, ਜਦਕਿ ਆਮ ਮਾਨਸੂਨ ਦੌਰਾਨ 163.3 ਮਿਲੀਮੀਟਰ ਬਾਰਸ਼ ਹੁੰਦੀ ਹੈ। ਇਸੇ ਤਰ੍ਹਾਂ ਜੁਲਾਈ ਵਿੱਚ ਵੀ ਭਵਿੱਖਬਾਣੀ ਤੋਂ 16.8 ਮਿਲੀਮੀਟਰ ਬਾਰਸ਼ ਘੱਟ ਦਰਜ ਕੀਤੀ ਗਈ।

Source: Abp Sanjha