ਮੰਡੀਆਂ ਚ ਪ੍ਰਬੰਧ ਨਾਕਸ, ਉੱਤੋਂ ਮੀਂਹ ਨੇ ਕਿਸਾਨਾਂ ਨੂੰ ਮਾਰੀ ਦੋਹਰੀ ਮਾਰ

October 12 2018

ਚੰਡੀਗੜ੍ਹ: ਬੀਤੀ ਰਾਤ ਤੇ ਅੱਜ ਸਵੇਰ ਪਏ ਵੱਖ-ਵੱਖ ਥਾਈਂ ਮੀਂਹ ਕਾਰਨ ਕਿਸਾਨਾਂ ਦੇ ਚਿਹਰੇ ਮੁਰਝਾਅ ਗਏ ਹਨ। ਕਈਆਂ ਦੀ ਫ਼ਸਲ ਮੰਡੀਆਂ ਦੇ ਮੰਦੇ ਪ੍ਰਬੰਧਾਂ ਦਾ ਸ਼ਿਕਾਰ ਹੋ ਰਹੀ ਹੈ ਅਤੇ ਕਈ ਕੁਦਰਤ ਦੀ ਕਰੋਪੀ ਦਾ ਸ਼ਿਕਾਰ ਹੋ ਰਹੀ ਫ਼ਸਲ ਨੂੰ ਖੇਤ ਵਿੱਚ ਹੀ ਬੇਵੱਸ ਹੋ ਕੇ ਦੇਖ ਰਹੇ ਹਨ।

ਅੰਮ੍ਰਿਤਸਰ ਦੇ ਪਿੰਡ ਭਗਤਾਂ ਵਾਲਾ ਦੇ ਖਰੀਦ ਕੇਂਦਰੀ ਦੀ ਹਾਲਤ ਵੀ ਤਰਸਯੋਗ ਹੈ। ਹਾਲਾਂਕਿ, ਇਸ ਖਰੀਦ ਕੇਂਦਰ ਲਈ ਸਰਕਾਰ ਨੇ 13 ਕਰੋੜ ਰੁਪਏ ਜਾਰੀ ਤਾਂ ਕੀਤੇ ਸਨ, ਪਰ ਖ਼ਰਚ ਨਹੀਂ ਹੋਏ। ਹੁਣ ਮੀਂਹ ਪੈਣ ਕਾਰਨ ਕਿਸਾਨਾਂ ਦੀ ਅੱਧੀ ਨਾਲੋਂ ਵੱਧ ਜਿਣਸ ਖ਼ਰਾਬ ਹੋ ਚੁੱਕੀ ਹੈ। ਸਰਕਾਰ ਦੇ ਇਨ੍ਹਾਂ ਮੰਦੇ ਪ੍ਰਬੰਧਾਂ ਤੋਂ ਅੱਕੇ ਕਿਸਾਨਾਂ ਨੇ ਰੋਸ ਦਾ ਪ੍ਰਗਟਾਵਾ ਕੀਤਾ ਤੇ ਮੰਗ ਕੀਤੀ ਕਿ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕੀਤੀ ਜਾਵੇ।

ਉੱਧਰ ਪਟਿਆਲਾ ਵਿੱਚ ਤਾਜ਼ਾ ਮੀਂਹ ਤੇ ਤੇਜ਼ ਹਵਾਵਾਂ ਨੇ ਕਿਸਾਨਾਂ ਦੀ ਝੋਨੇ ਦੀ ਖੜ੍ਹੀ ਫਸਲ ਵਿਛਾ ਦਿੱਤੀ ਹੈ। ਵੈਸੇ ਤਾਂ ਝੋਨੇ ਦੀ ਵਾਢੀ ਸ਼ੁਰੂ ਹੋ ਚੁੱਕੀ ਹੈ ਪਰ ਪਿਛਲੀ 23 ਸਤੰਬਰ ਤੋਂ ਬਾਅਦ ਬਏ ਕਈ ਮੀਹਾਂ ਕਾਰਨ ਕਟਾਈ ਪਛੜ ਗਈ। ਪਿੰਡ ਆਕੜ ਦੇ ਕਿਸਾਨਾਂ ਨੇ ਦੱਸਿਆ ਕਿ ਸਵੇਰੇ ਆਏ ਝੱਖੜ ਕਾਰਨ ਉਨ੍ਹਾਂ ਦੀਆਂ ਸਾਰੀਆਂ ਫ਼ਸਲਾਂ ਵਿਛ ਚੁੱਕੀਆਂ ਹਨ। ਉਨ੍ਹਾਂ ਸਰਕਾਰ ਤੋਂ ਫ਼ਸਲਾਂ ਦੇ ਨੁਕਸਾਨ ਦੀ ਪੂਰਤੀ ਲਈ ਮੁਆਵਜ਼ੇ ਦੀ ਮੰਗ ਵੀ ਕੀਤੀ।

Source: ABP Sanjha