ਬਿਨਾਂ ਪਰਾਲੀ ਸਾੜੇ ਕਣਕ ਦੀ ਸਿੱਧੀ ਬਿਜਾਈ ਕਰਦਾ ਹੈ ਪਿੰਡ ਗਾਲਿਬ ਖੁਰਦ ਦਾ ਕਿਸਾਨ

October 15 2018

ਸਨਅਤੀ ਸ਼ਹਿਰ ਦੇ ਲਾਗੇ ਪਿੰਡ ਗਾਲਿਬ ਖੁਰਦ ਕਿਸਾਨ ਪਰਾਲੀ ਨੂੰ ਸਾੜਨ ਤੋਂ ਬਿਨਾਂ ਕਣਕ ਦੀ ਸਿੱਧੀ ਬਿਜਾਈ ਹੈਪੀ ਸੀਡਰ ਦੁਆਰਾ ਕਰਕੇ ਆਪਣੇ ਸਮੇਂ, ਤੇਲ ਦੀ ਬੱਚਤ ਤਾਂ ਕਰਦਾ ਹੀ ਹੈ ਨਾਲ ਹੀ ਵਧੇਰੇ ਮੁਨਾਫਾ ਵੀ ਪ੍ਰਾਪਤ ਕਰ ਰਿਹਾ ਹੈ। ਕਿਸਾਨ ਜਸਪ੍ਰੀਤ ਸਿੰਘ ਗਿੱਲ ਪੰਜਾਬ ਦੇ ਉਨ੍ਹਾਂ ਆਧੁਨਿਕ ਸੋਚ ਵਾਲੇ ਕਿਸਾਨਾਂ ਵਿੱਚ ਆਉਂਦਾ ਹੈ, ਜਿਹੜੇ ਕਿਸਾਨਾਂ ਨੇ ਵਾਤਾਵਰਨ ਨੂੰ ਸੰਭਾਲਣ ਲਈ ਕਦਮ ਚੁੱਕੇ ਰਹੇ ਹਨ।

ਦਸਵੀਂ ਪਾਸ ਜਸਪ੍ਰੀਤ ਸਿੰਘ ਨੇ ਆਧੁਨਿਕ ਖੇਤੀ ਅਪਣਾ ਕੇ ਆਪਣੀ ਆਰਥਿਕ ਸਥਿਤੀ ਨੂੰ ਵੀ ਮਜ਼ਬੂਤ ਨਹੀਂ ਕੀਤਾ ਸਗੋਂ ਆਪਣੇ ਇਲਾਕੇ ਦੇ ਲੋਕਾਂ ਦਾ ਰਾਹ ਦਸੇਰਾ ਵੀ ਬਣਿਆ। ਜਸਪ੍ਰੀਤ ਸਿੰਘ ਅਨੁਸਾਰ ਉਸਦਾ ਵਾਤਾਵਰਨ ਨਾਲ ਮੋਹ ਹੋਣ ਕਰਕੇ ਝੋਨੇ ਦੀ ਪਰਾਲੀ ਨੂੰ ਸਾੜਨ ਨੂੰ ਮਨ ਨਹੀਂ ਕਰਦਾ ਸੀ। ਜਿਸ ਕਰਕੇ ਉਸ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਮਸ਼ੀਨਰੀ ਵਿਭਾਗ ਵਿਚ ਆਪਣਾ ਰਾਬਤਾ ਕਾਇਮ ਕੀਤਾ ਤੇ ਉਹਨਾਂ ਦੀ ਸਲਾਹ ਨਾਲ ਹੀ ਹੈਪੀ ਸੀਡਰ ਦੀ ਵਰਤੋਂ ਸ਼ੁਰੂ ਕੀਤੀ। ਜਿਸ ਨਾਲ ਕਣਕ ਦੀ ਫਸਲ ਦੇ ਝਾੜ ਵਿੱਚ ਕਾਫੀ ਵਧੀਆ ਰਿਹਾ। ਇਸ ਕਰਕੇ ਹੀ ਉਹ ਪਿਛਲੇ ਕੁਝ ਸਮੇਂ ਤੋਂ ਕਣਕ ਦੀ ਸਿੱਧੀ ਬਿਜਾਈ ਕਰ ਰਿਹਾ ਹੈ ਤੇ ਲੋਕਾਂ ਨੂੰ ਪ੍ਰੇਰਿਤ ਕਰ ਰਿਹਾ ਹੈ। ਉਸ ਦੇ ਮੁਤਾਬਿਕ ਹੈਪੀ ਸੀਡਰ ਨਾਲ ਬਿਜਾਈ ਕੀਤੀ ਫਸਲ ਦਾ ਝਾੜ ਵਧੇਰੇ ਹੁੰਦਾ ਹੈ ਦਾਣੇ ਮੋਟੇ, ਕੁਆਲਿਟੀ ਬਹੁਤ ਵਧੀਆ ਹੁੰਦੀ ਹੈ ਤੂੜੀ ਵੀ ਜ਼ਿਆਦਾ ਬਣਦੀ ਹੈ ਸਭ ਤੋਂ ਵੱਡੀ ਗੱਲ ਗੁੱਲੀ-ਡੰਡੇ ਦੀ ਸਮੱਸਿਆ ਤੋਂ ਬਹੁਤ ਜ਼ਿਆਦਾ ਨਿਜਾਤ ਮਿਲੀ ਹੈ। ਜਸਪ੍ਰੀਤ ਸਿੰਘ ਸੰਤ ਭਗਵਾਨ ਪੁਰੀ ਕਿਸਾਨ ਕਲੱਬ ਗਾਲਿਬ ਖੁਰਦ ਦਾ ਪ੍ਰਧਾਨ ਹੈ। ਉਹ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਕਿਸਾਨ ਕਲੱਬ ਅਤੇ ਸਪਨਾ ਕਲੱਬ ਦਾ ਵੀ ਮੈਂਬਰ ਹੈ। ਉਸ ਮੁਤਾਬਿਕ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੁਆਰਾ ਵਿਕਸਿਤ ਸਟਰਾਅ ਮੈਨੇਜਮੈਂਟ ਸਿਸਟਮ ਅਤੇ ਰੀਪਰ ਦੋਹਾਂ ਦੀ ਵਰਤੋਂ ਤੋਂ ਬਾਅਦ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਕੀਤੀ ਜਾ ਸਕਦੀ ਹੈ ਪਰ ਇਸ ਦੀ ਵਰਤੋਂ ਕਰਨ ਤੋਂ ਪਹਿਲਾਂ ਖੇਤੀ ਮਾਹਿਰਾਂ ਨਾਲ ਸਲਾਹ ਜ਼ਰੂਰ ਕਰ ਲੈਣੀ ਚਾਹੀਦੀ ਹੈ ਤਾਂ ਜੋ ਕਿਸਾਨ ਇਸ ਤਕਨੀਕ ਦਾ ਭਰਪੂਰ ਲਾਭ ਲੈ ਸਕੇ। ਉਸਦਾ ਮੰਨਣਾ ਹੈ ਕਿ ਕਿਸਾਨਾਂ ਨੂੰ ਆਧੁਨਿਕ ਖੇਤੀ ਵੱਲ ਆਉਣਾ ਚਾਹੀਦਾ ਹੈ।

Source: Punjabi Tribune