ਪੰਜਾਬ 'ਚ 20 ਜੂਨ ਤੋਂ ਸ਼ੁਰੂ ਹੋਵੇਗੀ ਝੋਨੇ ਦੀ ਲਵਾਈ- ਡਾ. ਗੁਰਬਖਸ਼ ਸਿੰਘ

May 18 2018

ਨਵਾਂਸ਼ਹਿਰ (ਤ੍ਰਿਪਾਠੀ)—ਪੰਜਾਬ ਚ ਜ਼ਮੀਨ ਹੇਠਲੇ ਪਾਣੀ ਦੇ ਪੱਧਰ ਨੂੰ ਹੋਰ ਨੀਵਾਂ ਜਾਣ ਤੋਂ ਰੋਕਣ ਦੇ ਉਦੇਸ਼ ਤਹਿਤ ਪੰਜਾਬ ਸਰਕਾਰ ਵਲੋਂ “ਪੰਜਾਬ ਪ੍ਰੀਜ਼ਰਵੇਸ਼ਨ ਆਫ਼ ਸਬ-ਸੁਆਇਲ ਵਾਟਰ ਐਕਟ 2009” ਵਿੱਚ 19 ਅਪ੍ਰੈਲ 2018 ਨੂੰ ਕੀਤੀ ਗਈ ਸੋਧੀ ਨੋਟੀਫ਼ਿਕੇਸ਼ਨ ਅਨੁਸਾਰ ਝੋਨੇ ਦੀ ਪਨੀਰੀ ਲਗਾਉਣ ਦੀ ਮਿਤੀ ਅਤੇ ਪਨੀਰੀ ਪੁੱਟ ਕੇ ਖੇਤ ਚ ਲਾਉਣ ਦੀ ਮਿਤੀ ਚ ਸੋਧ ਕਰ ਦਿੱਤੀ ਗਈ ਹੈ। ਇਨ੍ਹਾਂ ਨਵੀਆਂ ਹਦਾਇਤਾਂ ਅਨੁਸਾਰ ਪੰਜਾਬ ਦੇ ਕਿਸਾਨ 20 ਮਈ ਤੋਂ ਝੋਨੇ ਦੀ ਪਨੀਰੀ ਲਗਾ ਸਕਣਗੇ ਅਤੇ 20 ਜੂਨ ਤੋਂ ਝੋਨੇ ਦੀ ਪਨੀਰੀ ਪੁੱਟ ਕੇ ਖੇਤਾਂ ਵਿਚ ਲਗਾ ਸਕਣਗੇ। ਮੁੱਖ ਖੇਤੀਬਾੜੀ ਅਫਸਰ ਡਾ. ਗੁਰਬਖਸ਼ ਸਿੰਘ ਨੇ ਇਸ ਬਾਰੇ ਦੱਸਦਿਆਂ ਕਿਹਾ ਕਿ ਇਸ ਸਮੇਂ ਪਾਣੀ ਦੀ ਬਹੁਤ ਘਾਟ ਹੈ। ਨਹਿਰਾਂ ਅਤੇ ਡੈਂਮਾਂ ਚ ਪਾਣੀ ਲਗਾਤਾਰ ਘਟਦਾ ਜਾ ਰਿਹਾ ਹੈ। ਜਿਸ ਕਾਰਨ ਪੰਜਾਬ ਸਰਕਾਰ ਵਲੋਂ ਪਾਣੀ ਦੇ ਪੱਧਰ ਨੂੰ ਬਰਕਰਾਰ ਰੱਖਣ ਲਈ ਇਹ ਮਿਤੀਆਂ ਨਿਸ਼ਚਿਤ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ 20 ਜੂਨ ਤੋਂ ਪਹਿਲਾਂ ਲਗਾਏ ਗਏ ਝੋਨੇ ਦੀ ਫਸਲ ਨੂੰ ਵੱਧ ਪਾਣੀ ਦੀ ਲੋੜ ਪੈਂਦੀ ਹੈ, ਕਿਉਂਕਿ ਉਸ ਸਮੇਂ ਤਾਪਮਾਨ ਬਹੁਤ ਜ਼ਿਆਦਾ ਹੁੰਦਾ ਹੈ ਅਤੇ ਹਵਾ ਚ ਨਮੀਂ ਦੀ ਮਾਤਰਾ ਬਹੁਤ ਘੱਟ ਹੋਣ ਕਾਰਨ ਪਾਣੀ ਦੀ ਖਪਤ ਬਹੁਤ ਜ਼ਿਆਦਾ ਹੁੰਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਸਿਫ਼ਾਰਿਸ਼ ਕੀਤੀਆਂ ਘੱਟ ਸਮੇਂ ਚ ਪੱਕਣ ਵਾਲੀਆਂ ਝੋਨੇ ਦੀਆਂ ਕਿਸਮਾਂ ਦੀ ਬਿਜਾਈ ਨੂੰ ਤਰਜੀਹ ਦੇਣੀ ਚਾਹੀਦੀ ਹੈ ਜਿਸ ਨਾਲ ਪਾਣੀ ਦੇ ਪੱਧਰ ਨੂੰ ਬਰਕਰਾਰ ਰੱਖਣ ਵਿੱਚ ਸਹਾਇਤਾ ਮਿਲੇਗੀ । 

ਉਨ੍ਹਾਂ ਕਿਸਾਨਾਂ ਨੂੰ ਬਣਾਏ ਗਏ ਐਕਟ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਅਤੇ ਉਨ੍ਹਾਂ ਕਿਹਾ ਕਿ ਕਿਸਾਨ ਇਸ ਕੰਮ ਲਈ ਆਪਣਾ ਸਹਿਯੋਗ ਦੇਣ ਤਾਂ ਜੋ ਜ਼ਿਲ੍ਹੇ ਵਿੱਚ ਪੰਜਾਬ ਸਰਕਾਰ ਵੱਲੋਂ ਬਣਾਏ ਗਏ “ਪੰਜਾਬ ਪ੍ਰੀਜ਼ਰਵੇਸ਼ਨ ਆਫ਼ ਸਬ-ਸੁਆਇਲ ਵਾਟਰ ਐਕਟ 2009” ਨੂੰ ਸਹੀ ਤਰੀਕੇ ਨਾਲ ਲਾਗੂ ਕੀਤਾ ਜਾ ਸਕੇ। ਉਨ੍ਹਾਂ ਜ਼ਿਲ੍ਹੇ ਦੇ ਸਮੂਹ ਬਲਾਕ ਖੇਤੀਬਾੜੀ ਅਫਸਰਾਂ ਅਤੇ ਖੇਤੀਬਾੜੀ ਵਿਕਾਸ ਅਫਸਰਾਂ ਨੂੰ ਵੀ ਹਦਾਇਤ ਕੀਤੀ ਕਿ ਪੰਜਾਬ ਸਰਕਾਰ ਦੇ ਹੁਕਮਾਂ ਦੀ ਇੰਨ-ਬਿੰਨ ਪਾਲਣਾ ਕਰਾਉਣੀ ਯਕੀਨੀ ਬਣਾਈ ਜਾਵੇ। 

Source: Jagbani