ਨਰਮਾ ਪੱਟੀ ਦੇ ਕਿਸਾਨਾਂ ਤੱਕ ਪਾਣੀ ਪੁੱਜਦਾ ਕਰਨ ਲਈ ਸਕੱਤਰ ਖੇਤੀਬਾੜੀ ਨੇ ਨਹਿਰਾਂ ਦਾ ਕੀਤਾ ਦੌਰਾ

May 18 2018

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਸੁਖਪਾਲ ਢਿੱਲੋਂ) : ਨਰਮਾ ਅਤੇ ਕਿਨੂੰ ਪੱਟੀ ਦੇ ਕਿਸਾਨਾਂ ਨੂੰ ਨਹਿਰਾਂ ਦੀਆਂ ਟੇਲਾਂ ਤੱਕ ਪਾਣੀ ਪੁਜੱਦਾ ਕਰਨ ਲਈ ਪੰਜਾਬ ਸਰਕਾਰ ਵੱਲੋਂ ਯੋਜਨਾਬੰਦੀ ਕੀਤੀ ਗਈ ਹੈ ਤਾਂ ਜੋ ਫਸਲੀ ਵਿਭਿੰਨਤਾ ਅਪਨਾਉਣ ਵਾਲੇ ਇਨ੍ਹਾਂ ਕਿਸਾਨਾਂ ਨੂੰ ਨਰਮੇ ਅਤੇ ਬਾਗਾਂ ਲਈ ਭਰਪੂਰ ਪਾਣੀ ਮਿਲ ਸਕੇ। ਇਸ ਲਈ ਸੱਕਤਰ ਖੇਤੀਬਾੜੀ ਵਿਭਾਗ ਕਾਹਨ ਸਿੰਘ ਪਨੂੰ ਨੇ ਸਿੰਚਾਈ ਵਿਭਾਗ ਦੇ ਚੀਫ ਇੰਜਨੀਅਰ ਜੇ.ਐਸ. ਮਾਨ ਸਮੇਤ ਹਰੀਕੇ ਹੈਡ ਵਰਕਸ ਤੋਂ ਸ਼ੁਰੂ ਕਰਕੇ ਸਰਹਿੰਦ ਫੀਡਰ ਤੇ ਇਸ ਵਿਚੋਂ ਨਿਕਦੀਆਂ ਨਹਿਰਾਂ ਦਾ ਦੌਰਾ ਕੀਤਾ। 

ਇਸ ਮੌਕੇ ਕਾਹਨ ਸਿੰਘ ਪਨੂੰ ਨੇ ਕਿਹਾ ਕਿ ਨਰਮੇ ਦੀ ਖੇਤੀ ਅਤੇ ਕਿਨੂੰ ਦੇ ਬਾਗਾਂ ਦਾ ਨਾ ਕੇਵਲ ਕਿਸਾਨਾਂ ਦੀ ਆਮਦਨ ਵਿਚ ਅਹਿਮ ਯੋਗਦਾਨ ਹੈ ਸਗੋਂ ਇਹ ਫਸਲਾਂ ਰਾਜ ਦੀ ਆਰਥਿਕਤਾ ਚ ਵੱਡਾ ਯੋਗਦਾਨ ਪਾਉਂਦੀਆਂ ਹਨ। ਇਸ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਨਿਸਚੈ ਕੀਤਾ ਗਿਆ ਹੈ ਕਿ ਨਰਮੇ ਅਤੇ ਕਿਨੂੰ ਦੇ ਬਾਗਾਂ ਲਈ ਕਿਸਾਨਾਂ ਨੂੰ ਨਹਿਰਾਂ ਦੀਆਂ ਟੇਲਾਂ ਤੱਕ ਪੂਰਾ ਪਾਣੀ ਦਿੱਤਾ ਜਾਵੇ। ਇਸ ਲਈ ਉਨ੍ਹਾਂ ਨੇ ਸ੍ਰੀ ਮੁਕਤਸਰ ਸਾਹਿਬ ਅਤੇ ਫਾਜ਼ਿਲਕਾ ਜ਼ਿਲਿਆਂ ਦਾ ਨਰਮਾ ਅਤੇ ਕਿਨੂੰ ਪੱਟੀ ਨੂੰ ਪਾਣੀ ਦੇਣ ਵਾਲੀਆਂ ਨਹਿਰਾਂ ਦਾ ਦੌਰਾ ਕੀਤਾ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਸਿੰਚਾਈ ਵਿਭਾਗ ਦੇ ਸਾਰੇ ਅਧਿਕਾਰੀ ਹਾਜ਼ਰ ਸਨ।

ਉਨ੍ਹਾਂ ਕਿਹਾ ਕਿ ਰਾਜ ਚ ਝੋਨੇ ਦੀ ਬਿਜਾਈ 20 ਜੂਨ ਤੋਂ ਬਾਅਦ ਸ਼ੁਰੂ ਹੋਣੀ ਹੈ ਇਸ ਲਈ ਤਦ ਤੱਕ ਤਰਜੀਹੀ ਅਧਾਰ ਤੇ ਨਰਮਾ ਅਤੇ ਕਿਨੂੰ ਪੱਟੀ ਨੂੰ ਪਾਣੀ ਮੁਹਈਆ ਕਰਵਾਇਆ ਜਾਵੇ। 20 ਜੂਨ ਨੂੰ ਝੋਨੇ ਦੀ ਲਵਾਈ ਸਮੇਂ ਝੋਨੇ ਲਈ ਪਾਣੀ ਦਿੱਤਾ ਜਾਵੇਗਾ ਪਰ ਫਿਲਹਾਲ ਪਹਿਲ ਨਰਮੇ ਦੀ ਖੇਤੀ ਹੈ। ਉਨ੍ਹਾਂ ਨੇ ਨਹਿਰੀ ਪਾਣੀ ਦੀ ਹੋਣ ਵਾਲੀ ਚੋਰੀ ਨੂੰ ਰੋਕਣ ਲਈ ਵਿਭਾਗ ਨੂੰ ਸਖ਼ਤੀ ਕਰਨ ਦੇ ਆਦੇਸ਼ ਦਿੰਦਿਆਂ ਕਿਹਾ ਕਿ ਜੋ ਕੋਈ ਵੀ ਅਜਿਹਾ ਕਰਦਾ ਪਾਇਆ ਜਾਂਦਾ ਹੈ ਉਸ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਨਿਗਰਾਨ ਇੰਜਨੀਅਰ ਐੱਚ.ਐੱਸ. ਚਾਹਲ ਅਤੇ ਆਰ.ਕੇ. ਗੁਪਤਾ, ਕਾਰਜਕਾਰੀ ਇੰਜਨੀਅਰ ਮੁਖਤਿਆਰ ਸਿੰਘ ਰਾਣਾ ਅਤੇ ਹਾਕਮ ਸਿੰਘ ਹਾਜ਼ਰ ਸਨ। 

Source: Jagbani