ਜਦੋਂ ਕਿਸਾਨਾਂ ਨੂੰ ਆਇਆ ਗੁੱਸਾ...ਡੀਸੀ ਦੇ ਦਫ਼ਤਰ ਬਾਹਰ ਢੇਰੀ ਕੀਤੀਆਂ ਪਰਾਲ਼ੀ ਦੀਆਂ ਟਰਾਲੀਆਂ

October 13 2017

ਸੰਗਰੂਰ: ਕਿਸਾਨਾਂ ਨੂੰ ਪਰਾਲ਼ੀ ਸਾੜਨ ਤੋਂ ਰੋਕਣ ਵਿੱਚ ਸਰਕਾਰ ਬੇਵੱਸ ਜਾਪਦੀ ਹੈ। ਹਾਲਾਂਕਿ, ਸਰਕਾਰ ਨੇ ਵੱਖ-ਵੱਖ ਤਰੀਕਿਆਂ ਨਾਲ ਪਰਾਲ਼ੀ ਸਾੜਨ ਤੋਂ ਰੋਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਪਰ ਕਿਸਾਨ ਲਗਾਤਾਰ ਸਰਕਾਰ ਦਾ ਵਿਰੋਧ ਕਰ ਰਹੇ ਹਨ। ਪੰਜਾਬ ਵਿੱਚ ਵੱਖ-ਵੱਖ ਥਾਈਂ ਕਿਸਾਨ ਪਰਾਲ਼ੀ ਸਾੜ ਕੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ, ਪਰ ਸੰਗਰੂਰ ਦੇ ਕਿਸਾਨਾਂ ਨੇ ਪਰਾਲ਼ੀ ਨਾਲ ਪ੍ਰਸ਼ਾਸਨ ਨੂੰ ਵਖ਼ਤ ਪਾ ਦਿੱਤਾ ਹੈ।

ਕਿਸਾਨਾਂ ਨੇ ਸੰਗਰੂਰ ਦੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਦੇ ਬਾਹਰ ਪਰਾਲ਼ੀ ਦੀਆਂ ਟਰਾਲੀਆਂ ਢੇਰੀ ਕਰ ਦਿੱਤੀਆਂ ਤੇ ਸਰਕਾਰ ਵਿਰੁੱਧ ਖ਼ੂਬ ਨਾਅਰੇਬਾਜ਼ੀ ਕੀਤੀ। ਕਿਸਾਨਾਂ ਨੇ ਐਲਾਨ ਕੀਤਾ ਕਿ ਉਹ ਪਰਾਲ਼ੀ ਸਾੜਨਗੇ। ਇਸ ਦੇ ਨਾਲ ਹੀ ਉਨ੍ਹਾਂ ਚੇਤਾਵਨੀ ਦਿੱਤੀ ਕਿ ਜੋ ਅਧਿਕਾਰੀ ਉਨ੍ਹਾਂ ਨੂੰ ਰੋਕੇਗਾ, ਉਸ ਦੇ ਦਫ਼ਤਰ ਤੇ ਘਰ ਵਿੱਚ ਇਸੇ ਤਰ੍ਹਾਂ ਪਰਾਲ਼ੀ ਸੁੱਟ ਦਿੱਤੀ ਜਾਵੇਗੀ।

ਸੰਗਰੂਰ ਦੇ ਡੀਸੀ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਪਰਾਲ਼ੀ ਸਾੜਨ ਵਾਲੇ ਕਿਸਾਨਾਂ ਦੇ ਚਲਾਣ ਕੀਤੇ ਜਾਣਗੇ ਤੇ ਗਿਰਦਾਵਰੀ ਵਿੱਚ ਉਨ੍ਹਾਂ ਦੇ ਰਿਕਾਰਡ ਦੇ ਇੰਦਰਾਜ ਵਿੱਚ ਲਾਲ ਸਿਆਹੀ ਨਾਲ ਟਿੱਪਣੀ ਕਰ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸੰਗਰੂਰ ਜ਼ਿਲ੍ਹੇ ਨੂੰ ਪਰਾਲ਼ੀ ਦੇ ਨਿਬੇੜੇ ਲਈ ਅੱਠ ਕਰੋੜ ਸਬਸਿਡੀ ਹਾਸਲ ਹੈ ਤੇ ਨਿਪਟਾਉਣ ਲਈ 60 ਫ਼ੀਸਦ ਮਸ਼ੀਨਰੀ ਵੀ ਆ ਚੁੱਕੀ ਹੈ।

ਉਨ੍ਹਾਂ ਕਿਹਾ ਕਿ ਉਹ ਕਿਸਾਨ ਮੇਲਿਆਂ ਤੇ ਜਥੇਬੰਦੀਆਂ ਨਾਲ ਮੀਟਿੰਗ ਕਰ ਕੇ ਕਿਸਾਨਾਂ ਨੂੰ ਪੂਰੀ ਜਾਣਕਾਰੀ ਤੇ ਸਿਖਲਾਈ ਵੀ ਦਿੱਤੀ ਜਾ ਰਹੀ ਹੈ। ਜਦਕਿ ਕਿਸਾਨ ਯੂਨੀਅਨ ਦੇ ਆਗੂ ਭੁਪਿੰਦਰ ਸਿੰਘ ਨੇ ਇਸ ਦਾ ਖੰਡਨ ਕੀਤਾ ਕਿ ਸਬਸਿਡੀਆਂ ਸਿਰਫ਼ ਡਰਾਮਾ ਹੈ, ਜਦਕਿ ਜ਼ਮੀਨੀ ਹਕੀਕਤ ਕੁਝ ਹੋਰ ਹੈ। ਇਸ ਲਈ ਅੱਗ ਲਾਉਣਾ ਕਿਸਾਨਾਂ ਦੀ ਮਜਬੂਰੀ ਹੈ।

Source: ABP Sanjha