ਗੰਨੇ ਦੀ ਪਿੜਾਈ ਲਈ ਅਲਾਟਮੈਂਟ ਬਣ ਸਕਦੀ ਹੈ ਕਿਸਾਨਾਂ ਲਈ ਪ੍ਰੇਸ਼ਾਨੀ

December 11 2018

ਪੰਜਾਬ ਦੇ ਗੰਨਾ ਉਤਪਾਦਕ ਕਿਸਾਨਾਂ ਵੱਲੋਂ ਕੀਤੇ ਗਏ ਜ਼ਬਰਦਸਤ ਸੰਘਰਸ਼ ਬਾਅਦ ਸਰਕਾਰ ਦੀ ਦਖਲਅੰਜਾਜ਼ੀ ਬਾਅਦ ਭਾਵੇਂ ਨਿੱਜੀ ਖੰਡ ਮਿੱਲਾਂ  ਜਲਦੀ ਹੀ ਚਾਲੂ ਹੋਣ ਜਾ ਰਹੀਆਂ ਹਨ ਪਰ ਇਨ੍ਹਾਂ ਮਿੱਲਾਂ ਨੂੰ ਗੰਨਾ ਕਮਿਸ਼ਨਰ ਪੰਜਾਬ ਵੱਲੋਂ ਗੰਨੇ ਦੀ ਪਿੜਾਈ ਵਾਸਤੇ ਕੀਤੀ ਅਲਾਟਮੈਂਟ ਕਿਸਾਨਾਂ ਦੀ ਸਿਰਦਰਦੀ ਬਣ ਸਕਦੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਚ ਇਸ ਵਾਰ ਇਕ ਲੱਖ ਪੰਜ ਹਜ਼ਾਰ ਹੈਕਟੇਅਰ ਰਕਬੇ ਚ ਗੰਨੇ ਦੀ ਬਿਜਾਈ ਹੋਈ ਹੈ ਜਿਸ ਦੀ ਕੁੱਲ ਪੈਦਾਵਾਰ ਵਿਚੋਂ ਸਿਰਫ 30 ਫੀਸਦੀ ਗੰਨੇ ਦੀ ਪਿੜਾਈ ਸਹਿਕਾਰੀ ਖੰਡ ਮਿੱਲਾਂ ਵਲੋਂ ਕੀਤੀ ਜਾਣੀ ਹੈ।

ਇਸ ਦਫ਼ਾ ਗੰਨਾ ਕਮਿਸ਼ਨਰ ਵੱਲੋਂ ਸਹਿਕਾਰੀ ਖੰਡ ਮਿੱਲਾਂ ਤੋਂ ਵਾਧੂ ਗੰਨਾ ਵੱਖ ਵੱਖ ਨਿੱਜੀ ਖੰਡ ਮਿੱਲਾਂ ਨੂੰ ਅਲਾਟ ਕੀਤਾ ਗਿਆ ਹੈ। ਕਮਿਸ਼ਨਰ ਵੱਲੋਂ ਗੰਨਾ ਅਲਾਟ ਕਰਨ ਦੇ ਨਾਲ ਪਿੰਡਾਂ ਨੂੰ ਵੀ ਬਾਂਡ ਕੀਤਾ ਗਿਆ ਅਤੇ ਜਿਸ ਢੰਗ ਨਾਲ ਪਿੰਡਾਂ ਨੂੰ ਮਿੱਲਾਂ ਨਾਲ ਜੋੜਿਆ ਗਿਆ ਹੈ ਉਸ ਨਾਲ ਕਿਸਾਨਾਂ ਨੂੰ ਭਾਰੀ ਪ੍ਰੇਸ਼ਾਨੀਆਂ ਅਤੇ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ।

ਨਿੱਜੀ ਖੰਡ ਮਿੱਲਾਂ ਦੇ ਨਜ਼ਦੀਕ ਪੈਂਦੇ ਪਿੰਡਾਂ ਨੂੰ ਛੱਡ ਕੇ ਦੂਰ ਦੂਰਾਡੇ ਦੇ ਪਿੰਡਾਂ ਨੂੰ ਸਬੰਧਿਤ ਮਿੱਲਾਂ ਨਾਲ ਜੋੜਿਆ ਗਿਆ ਹੈ। ਇੱਥੋਂ ਤੱਕ ਕਿ ਕਈ ਪਿੰਡਾਂ ਨੂੰ ਤਾਂ ਸੈਕੜੇ ਕਿਲੋਮੀਟਰ ਦੂਰ ਪੈਂਦੀਆਂ ਮਿੱਲਾਂ ਨਾਲ ਜੋੜਿਆ ਗਿਆ ਹੈ। ਜਿਸ ਕਾਰਨ ਕਿਸਾਨਾਂ ਮਹਿੰਗੇ ਭਾਅ ਦੇ ਡੀਜ਼ਲ ਕਾਰਨ ਗੰਨਾ ਉਤਪਾਦਕ ਕਿਸਾਨਾਂ ਨੂੰ ਭਾਰੀ ਆਰਥਿਕ ਨੁਕਸਾਨ ਝੱਲਣਾ ਪਵੇਗਾ। ਦੂਸਰੇ ਪਾਸੇ ਗੰਨੇ ਨਾਲ ਲੱਦੀਆਂ ਟਰਾਲੀਆਂ ਨੈਸ਼ਨਲ ਹਾਈਵੇ ਤੇ ਚਲਾਉਣਾ ਖਤਰੇ ਤੋਂ ਖਾਲੀ ਨਹੀਂ ਹੋਵੇਗਾ।

ਇਹ ਵੀ ਜਾਣਕਾਰੀ ਮਿਲੀ ਹੈ ਕਿ ਗੁਰਦਾਸਪੁਰ ਦੇ ਨਾਲ ਲੱਗਦੇ ਜ਼ਿਲ੍ਹਾ ਪਠਾਨਕੋਟ ਦੇ ਕੁੱਝ ਪਿੰਡਾਂ ਨੂੰ ਤਾਂ ਡੇਢ ਦੋ ਸੌ ਕਿਲੋਮੀਟਰ ਦੂਰ ਪੈਦੀਆਂ ਮਿੱਲਾਂ ਨਾਲ ਜੋੜ ਕੇ ਉਨਾਂ ਕਿਸਾਨਾਂ ਨਾਲ ਤਾਂ ਭਾਰੀ ਬੇਇਨਸਾਫੀ ਕੀਤੀ ਗਈ ਹੈ। ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਸਤਿਬੀਰ ਸਿੰਘ, ਬਲਬੀਰ ਸਿੰਘ ਰੰਧਾਵਾ ਅਤੇ ਸੁਖਦੇਵ ਸਿੰਘ ਭਾਗੋਕਾਵਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਨਿੱਜੀ ਖੰਡ ਮਿੱਲਾਂ ਨੂੰ ਗੰਨਾ ਅਲਾਟ ਕੀਤਾ ਜਾਵੇ ਨਾ ਕਿ ਪਿੰਡ, ਤਾਂ ਜੋ ਉਨ੍ਹਾਂ ਨੂੰ ਕਿਸੇ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।

 

Source: Rozana Spokesman