ਕਰਜ਼ਾ ਮਾਫ਼ ਕਰਵਾਉਣ ਵਾਲੇ ਧਨਾਡ ਕਿਸਾਨ 'ਤੇ ਪਰਚਾ

December 04 2018

ਕਰਜ਼ਈ ਕਿਸਾਨਾਂ ਦਾ ਸਰਕਾਰ ਵੱਲੋਂ ਕਰਜ਼ਾ ਮਾਫ਼ ਕਰਨ ਦੀ ਮੁਹਿੰਮ ਦਾ ਧਨਾਡ ਕਿਸਾਨਾਂ ਨੇ ਵੀ ਲਾਹਾ ਲੈ ਲਿਆ ਹੈ। ਰਾਏਕੋਟ ਦੇ ਇਕ ਧਨਾਡ ਕਿਸਾਨ ਜਿਸ ਕੋਲ 8 ਕਿੱਲੇ, ਵੱਡਾ ਟਰੈਕਟਰ, ਬੁਲਟ ਮੋਟਰਸਾਈਕਲ, ਬਲੈਰੋ ਗੱਡੀ ਅਤੇ ਦੁਨੀਆਂ ਭਰ ਦੀ ਸਹੂਲਤਾਂ ਹਨ, ਦੇ ਬਾਵਜੂਦ ਦੋ ਲੱਖ ਰੁਪਏ ਦਾ ਕਰਜ਼ਾ ਮਾਫ਼ ਕਰਵਾ ਲਿਆ। ਧਨਾਢ ਕਿਸਾਨ ਵੱਲੋਂ ਸਰਕਾਰ ਨਾਲ ਇਸ ਹੇਰਾ-ਫੇਰੀ ਦੀ ਪਿੰਡ ਦੇ ਹੀ ਕਿਸਾਨ ਨੇ ਪੋਲ ਖੋਲ੍ਹੀ। ਜਿਸ ਤੇ ਕਾਰਵਾਈ ਕਰਦਿਆਂ ਥਾਣਾ ਸਦਰ ਰਾਏਕੋਟ ਵਿਖੇ ਧਨਾਢ ਕਿਸਾਨ ਖਿਲਾਫ ਪਰਚਾ ਦਰਜ ਕਰ ਲਿਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਸੂਬੇ ਚ ਕਾਂਗਰਸ ਸਰਕਾਰ ਦੇ ਹੋਂਦ ਵਿਚ ਆਉਣ ਤੇ ਸਰਕਾਰ ਵੱਲੋਂ ਸੂਬੇ ਭਰ ਦੇ ਢਾਈ ਏਕੜ ਤੋਂ ਘੱਟ ਜ਼ਮੀਨ ਵਾਲੇ ਕਿਸਾਨਾਂ ਦਾ 2 ਲੱਖ ਤੱਕ ਕਰਜ਼ਾ ਮਾਫ਼ ਕਰਨ ਦੀ ਮੁਹਿੰਮ ਛੇੜੀ ਗਈ। ਇਸੇ ਮੁਹਿੰਮ ਤਹਿਤ ਰਾਏਕੋਟ ਦੇ ਪਿੰਡ ਬੜੂੰਦੀ ਵਾਸੀ ਹੁਸ਼ਿਆਰ ਸਿੰਘ ਪੁੱਤਰ ਅਮਰ ਸਿੰਘ ਨੇ ਢਾਈ ਏਕੜ ਦਾ ਮਾਲਕ ਹੋਣ ਦਾ ਹਲਫੀਆ ਬਿਆਨ ਸਮੇਤ ਕਾਗਜ਼ੀ ਕਾਰਵਾਈ ਕਰਕੇ 2 ਲੱਖ ਰੁਪਏ ਕਰਜ਼ਾ ਮਾਫ ਕਰਵਾ ਲਿਆ। ਇਸ ਦੀ ਭਣਕ ਪੈਣ ਤੇ ਪਿੰਡ ਦੇ ਹੀ ਬਲਵੀਰ ਸਿੰਘ ਪੁੱਤਰ ਅਮਰੀਕ ਸਿੰਘ ਨੇ ਸਰਕਾਰ ਨੂੰ ਲਗਾਏ ਚੂਨੇ ਦੀ ਕਾਰਵਾਈ ਲਈ ਅਦਾਲਤ ਦਾ ਦਰਵਾਜ਼ਾ ਖੜਕਾਇਆ। ਅਦਾਲਤ ਵੱਲੋਂ ਪੁਲਿਸ ਨੂੰ ਇਸ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਤਾਂ ਜਾਂਚ ਦੌਰਾਨ ਹੁਸ਼ਿਆਰ ਸਿੰਘ 8 ਕਿੱਲਿਆਂ ਦਾ ਮਾਲਕ ਅਤੇ ਉਸ ਕੋਲ ਟਰੈਕਟਰ, ਬਲੈਰੋ ਗੱਡੀ, ਬੁਲਟ ਮੋਟਰਸਾਈਕਲ ਸਮੇਤ ਕਈ ਹੋਰ ਮਹਿੰਗੀਆਂ ਚੀਜ਼ਾਂ ਸੀ। ਜਿਸ ਤੇ ਬੀਤੀ ਰਾਤ ਥਾਣਾ ਸਦਰ ਦੀ ਪੁਲਿਸ ਨੇ ਹੁਸ਼ਿਆਰ ਸਿੰਘ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ।