ਅਗਸਤ ਸਤੰਬਰ ਵਿਚ ਇਸ ਤਰਾਂ ਰਹੇਗਾ ਮੌਸਮ

August 04 2018

ਭਾਰਤੀ ਮੌਸਮ ਵਿਗਿਆਨ ਵਿਭਾਗ (ਆਈਐਮਡੀ) ਨੇ ਅਗਸਤ-ਸਤੰਬਰ ਮਹੀਨੇ ’ਚ ਮੌਨਸੂਨ ਆਮ ਵਰਗੀ ਰਹਿਣ ਦੀ ਪੇਸ਼ੀਨਗੋਈ ਕੀਤੀ ਹੈ। ਦੱਖਣ-ਪੱਛਮੀ ਮੌਨਸੂਨ ਦੀ ਦੂਜੀ ਛਿਮਾਹੀ ਦੌਰਾਨ ਮੀਂਹ ਬਾਰੇ ਸੰਭਾਵਨਾ ਜਾਰੀ  ਕਰਦਿਆਂ ਆਈਐੱਮਡੀ ਨੇ ਕਿਹਾ ਕਿ ਜੁਲਾਈ ਦੇ ਅੰਤ ਬਿਹਾਰ, ਝਾਰਖੰਡ ਤੇ ਪੂਰਬ-ਉੱਤਰੀ ਸੂਬਿਆਂ ਨੂੰ ਛੱਡ ਕੇ ਦੇਸ਼ ਦੇ ਬਾਕੀ ਹਿੱਸਿਆਂ ’ਚ ਭਰਵੇਂ ਮੀਂਹ ਪਏ ਹਨ। ਇਸ ਕਾਰਨ ਅਗਲੇ ਦੋ ਮਹੀਨਿਆਂ ’ਚ ਮੀਂਹ ਚੰਗੇ ਰਹਿਣ ਦੀ ਆਸ ਹੈ ਜਿਸ ਨਾਲ ਸਾਉਣੀ ਦੀਆਂ ਫਸਲਾਂ ਲਈ ਉਮੀਦਾਂ ਵੱਧ ਗਈਆਂ ਹਨ।

ਮੌਸਮ ਵਿਭਾਗ ਅਨੁਸਾਰ, ‘ਅਗਸਤ 2018 ਦੌਰਾਨ ਮੀਂਹ ਦੇ ਐੱਲਪੀਏ ਦੇ 96 ਫੀਸਦ (ਘਾਟਾ-ਵਾਧਾ ਨੌਂ) ਤੋਂ ਘੱਟ ਹੋਣ ਦੀ ਸੰਭਾਵਨਾ ਹੈ ਅਤੇ ਜੂਨ ’ਚ ਕੀਤੀ ਗਈ ਭਵਿੱਖਬਾਣੀ ਮੁਕਾਬਲੇ ਇਸ ਤੋਂ ਵੱਧ ਹੋਣ ਦੀ ਸੰਭਾਵਨਾ ਹੈ। ਮਾਤਰਾ ਦੇ ਹਿਸਾਬ ਨਾਲ ਮੌਸਮ ਦੀ ਦੂਜੀ ਛਿਮਾਹੀ ਦੌਰਾਨ ਦੇਸ਼ ’ਚ ਮੀਂਹ ਦੇ ਐੱਲਪੀਏ ਦੇ 95 ਫੀਸਫ ਤੱਕ ਰਹਿਣ ਦੀ ਸੰਭਾਵਨਾ ਹੈ।’

ਜੇਕਰ ਮੀਂਹ ਐੱਲਪੀਏ ਦਾ 96 ਤੋਂ 104 ਫੀਸਦ ਹੁੰਦਾ ਹੈ ਤਾਂ ਇਸ ਨੂੰ ਸਾਧਾਰਨ ਸਮਝਿਆ ਜਾਂਦਾ ਹੈ ਅਤੇ ਜੇਕਰ ਇਹ ਐੱਲਪੀਏ ਦਾ 90-96 ਫੀਸਦ ਹੋਵੇ ਤਾਂ ਇਸ ਨੂੰ ਸਾਧਾਰਨ ਤੋਂ ਹੇਠਾਂ ਸਮਝਿਆ ਜਾਂਦਾ ਹੈ। ਆਈਐਮਡੀ ਦੇ ਵਧੀਕ ਡਾਇਰੈਕਟਰ ਜਨਰਲ ਐੱਮ ਮੋਹਪਾਤਰਾ ਨੇ ਕਿਹਾ ਕਿ ਅਗਸਤ-ਸਤੰਬਰ ਦੌਰਾਨ ਸਾਧਾਰਨ ਸੀਮਾ ਐੱਲਪੀਏ 94-100 ਫੀਸਦ ਹੈ।

ਨਿੱਜੀ ਮੌਸਮ ਅਨੁਮਾਨ ਏਜੰਸੀ ਨੇ ਪਹਿਲਾਂ ਹੀ ਮੌਨਸੂਨ ਨੂੰ ਲੈ ਕੇ ਆਪਣੀ ਭਵਿੱਖਬਾਣੀ ਨੂੰ ਘੱਟ ਕਰ ਦਿੱਤਾ ਹੈ। ਅਪਰੈਲ ’ਚ ਆਪਣੇ ਸ਼ੁਰੂਆਤੀ ਅੰਦਾਜ਼ੇ ’ਚ ਸਕਾਈਮੈੱਟ ਨੇ ਕਿਹਾ ਸੀ ਦੇਸ਼ ’ਚ ਮੀਂਹ ਐੱਲਪੀਏ ਦੀ 100 ਫੀਸਦ ਰਹੇਗੀ ਜੋ ਕਿ ਸਾਧਾਰਨ ਵਰਗ ’ਚ ਆਉਂਦਾ ਹੈ। ਆਪਣੇ ਤਾਜ਼ਾ ਅਨੁਮਾਨ ’ਚ ਸਕਾਈਮੈੱਟ ਨੇ ਕਿਹਾ ਹੈ ਕਿ ਅਗਸਤ ’ਚ ਇਹ ਐਲਪੀਏ ਦਾ 88 ਫੀਸਦ ਅਤੇ ਸਤੰਬਰ ’ਚ ਇਸ ’ਚ ਥੋੜ੍ਹਾ ਸੁਧਾਰ ਦੇਖਿਆ ਜਾ ਸਕਦਾ ਹੈ ਜੋ ਕਿ ਐੱਲਪੀਏ ਦਾ 93 ਫੀਸਦ ਰਹਿ ਸਕਦਾ ਹੈ।

Source: Punjabi News