750 ਕਿਲੋ ਪਿਆਜ਼ ਦੀ ਕੀਮਤ ਮਿਲੀ 1064 ਰੁਪਏ, ਮੋਦੀ ਨੂੰ ਕੀਤਾ ਮਨੀ ਆਰਡਰ

December 04 2018

ਮੁੰਬਈ , (ਪੀਟੀਆਈ ) : ਟਮਾਟਰਾਂ ਤੋਂ ਬਾਅਦ ਹੁਣ ਪਿਆਜ਼  ਨੇ ਕਿਸਾਨਾਂ ਦੀ ਹਾਲਤ ਖਰਾਬ ਕਰ ਦਿਤੀ ਹੈ। ਇਕ ਰੁਪਏ ਪ੍ਰਤਿ ਕਿਲੋ ਤੋਂ ਵੀ ਘੱਟ ਕੀਮਤ ਕਿਸਾਨਾਂ ਨੂੰ ਮਿਲ ਰਹੀ ਹੈ। ਮੱਧ ਪ੍ਰਦੇਸ਼ ਦੇ ਕਿਸਾਨਾਂ ਨੂੰ ਜਦ ਪਿਆਜ਼ ਦੀ ਕੀਮਤ 50 ਪੈਸੇ ਪ੍ਰਤਿ ਕਿਲੋ ਮਿਲੀ ਤਾਂ ਉਹ ਅਪਣੀ ਫਸਲ ਨੂੰ ਸੜਕਾਂ ਤੇ ਸੁੱਟ ਕੇ ਚਲੇ ਗਏ। ਉਥੇ ਹੀ ਮਹਾਰਾਸ਼ਟਰਾ ਦਾ ਇਕ ਕਿਸਾਨ ਫਸਲ ਦੀ ਘੱਟ ਕੀਮਤ ਮਿਲਣ ਤੋਂ ਇੰਨਾ ਨਿਰਾਸ਼ ਹੋ ਗਿਆ ਕਿ ਉਸ ਨੇ ਅਪਣਾ ਵਿਰੋਧ ਪ੍ਰਗਟ ਕਰਨ ਲਈ ਫਸਲ ਦੀ ਵਿਕਰੀ ਤੋਂ ਮਿਲੀ ਰਾਸ਼ੀ ਨਰਿੰਦਰ ਮੋਦੀ ਨੂੰ ਮਨੀ ਆਰਡਰ ਰਾਹੀ ਭੇਜ ਦਿਤੀ।

ਨਾਸਿਕ ਜਿਲ੍ਹੇ ਦੇ ਨਿਪਹਦ ਤਹਿਸੀਲ ਦੇ ਰਹਿਣ ਵਾਲੇ ਸੰਜੇ ਸਾਠੇ ਨੂੰ ਉਨ੍ਹਾਂ ਦੀ ਫਸਲ ਦੇ ਬਦਲੇ ਇਕ ਰੁਪਏ ਪ੍ਰਤਿ ਕਿਲੋ ਤੋਂ ਵੀ ਘੱਟ ਕੀਮਤ ਮਿਲ ਰਹੀ ਸੀ। ਗੱਲਬਾਤ ਤੋਂ ਬਾਅਦ ਵੀ ਉਸ ਨੂੰ 1.40 ਰੁਪਏ ਪ੍ਰਤਿ ਕਿਲੋ ਕੀਮਤ ਹੀ ਮਿਲੀ।  750 ਕਿਲੋ ਪਿਆਜ਼ ਦੇ ਬਦਲੇ ਵਿਚ ਉਸ ਨੂੰ ਸਿਰਫ 1064 ਰੁਪਏ ਹੀ ਕੀਮਤ ਮਿਲੀ। ਚਾਰ ਮਹੀਨੇ ਦੀ ਮਿਹਨਤ ਦੇ ਬਦਲੇ ਇੰਨੀ ਘੱਟ ਕੀਮਤ ਮਿਲੀ ਦੇਖ ਕੇ ਉਸ ਨੂੰ ਦੁੱਖ ਹੋਇਆ। ਸੰਜੇ ਨੇ ਵਿਰੋਧ ਜਤਾਉਣ ਲਈ ਇਹ ਕੀਮਤ ਪੀਐਮਓ ਦੇ ਆਪਦਾ ਰਾਹਤ ਫੰਡ ਵਿਚ ਦਾਨ ਕਰ ਦਿਤੀ।

ਉਸ ਨੇ ਕਿਹਾ ਕਿ ਇਹ ਕੀਮਤ ਮਨੀ ਆਰਡਰ ਰਾਹੀ ਪੀਐਮ ਨੂੰ ਭੇਜਣ ਲਈ ਉਸ ਨੂੰ ਅਪਣੀ ਜੇਬ ਵਿਚੋਂ 54 ਰੁਪਏ ਹੋਰ ਦੇਣੇ ਪਏ। ਸੰਜੇ ਕਹਿੰਦੇ ਹਨ ਕਿ ਉਹ ਕਿਸੇ ਰਾਜਨੀਤਕ ਪਾਰਟੀ ਨਾਲ ਨਹੀਂ ਜੁੜੇ ਹਨ। ਪਰ ਉਨ੍ਹਾਂ ਨੂੰ ਗੁੱਸਾ ਇਸ ਗੱਲ ਦਾ ਹੈ ਕਿ ਸਰਕਾਰ ਕਿਸਾਨਾਂ ਦੇ ਦਰਦ ਨੂੰ ਨਹੀਂ ਸਮਝ ਰਹੀ। ਸਰਕਾਰ ਦਾ ਕਿਸਾਨਾਂ ਪ੍ਰਤੀ ਇਹ ਉਦਾਸੀਨਤਾ ਵਾਲਾ ਰਵੱਈਆ ਉਨ੍ਹਾਂ ਨੂੰ ਦੁਖ ਦਿੰਦਾ ਹੈ। ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੰਬੋਧਿਤ ਕਰ ਕੇ ਭੇਜੇ ਗਏ ਮਨੀ ਆਰਡਰ ਨੂੰ ਉਨ੍ਹਾਂ ਨੇ 29 ਨਵੰਬਰ ਨੂੰ ਨਿਫਾਡ ਤਹਿਸੀਲ ਦੇ ਡਾਕਖਾਨੇ ਤੋਂ ਭੇਜਿਆ ਸੀ। ਦੱਸ ਦਈਏ ਕਿ ਉਤਰੀ ਮਹਾਰਾਸ਼ਟਰਾ ਦਾ ਨਾਸਿਕ ਜਿਲਾ ਸਾਰੇ ਭਾਰਤ ਦਾ 50 ਫ਼ੀ ਸਦੀ ਪਿਆਜ ਦਾ ਉਤਪਾਦਨ ਕਰਦਾ ਹੈ। ਦੱਸ ਦਈਏ ਕਿ ਸੰਜੇ ਉਨਾਂ ਪ੍ਰਗਤੀਸ਼ੀਲ ਕਿਸਾਨਾਂ ਵਿਚੋਂ ਇਕ ਹਨ, ਜਿਨ੍ਹਾਂ ਨੂੰ ਕੇਂਦਰੀ ਖੇਤੀ ਮੰਤਰਾਲੇ ਨੇ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੀ ਸਾਲ 2010 ਦੀ ਭਾਰਤ ਯਾਤਰਾ ਦੌਰਾਨ ਓਬਾਮਾ ਨਾਲ ਗੱਲਬਾਤ ਕਰਨ ਲਈ ਚੁਣਿਆ ਸੀ। ਸੇਠ ਨੇ ਫੋਨ ਰਾਹੀ ਮਿਲਣ ਵਾਲੀ ਸਲਾਹ ਨਾਲ ਅਪਣੀ ਖੇਤੀ ਦੇ ਉਤਪਾਦਨ ਨੂੰ ਵਧਾਇਆ ਸੀ।

 

Source: Rozana Spokesman