ਧਰਤ ਦੇ ਜਾਇਆਂ ਅੱਗੇ ਝੁਕੀ ਸਰਕਾਰ

March 13 2018

ਆਪਣੀ ਮੰਗਾਂ ਮਨਵਾਉਣ ਲਈ ਨਾਸਿਕ ਤੋਂ ਇਥੇ ਪੁੱਜੇ ਹਜ਼ਾਰਾਂ ਕਿਸਾਨਾਂ ਅੱਗੇ ਅੱਜ ਮਹਾਰਾਸ਼ਟਰ ਸਰਕਾਰ ਨੂੰ ਝੁਕਣਾ ਪੈ ਗਿਆ। ਭਾਜਪਾ ਦੀ ਅਗਵਾਈ ਹੇਠਲੀ ਮਹਾਰਾਸ਼ਟਰ ਸਰਕਾਰ ਨੇ ਜੰਗਲੀ ਜ਼ਮੀਨ ’ਤੇ ਖੇਤੀ ਕਰਨ ਦਾ ਹੱਕ ਦੇਣ ਸਮੇਤ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਨੂੰ ਮੰਨ ਲਿਆ ਹੈ। ਕਿਸਾਨਾਂ ਨੇ ਮੁੰਬਈ ਦੇ ਆਜ਼ਾਦ ਮੈਦਾਨ ’ਚ ਡੇਰਾ ਜਮਾਇਆ ਹੋਇਆ ਸੀ ਅਤੇ ਚੇਤਾਵਨੀ ਦਿੱਤੀ ਸੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨੂੰ ਨਾ ਮੰਨਿਆ ਗਿਆ ਤਾਂ ਉਹ ਵਿਧਾਨ ਸਭਾ ਦਾ ਘਿਰਾਓ ਕਰਨਗੇ ਅਤੇ ਜੇਕਰ ਮੈਦਾਨ ’ਚੋਂ ਬਾਹਰ ਨਾ ਜਾਣ ਦਿੱਤਾ ਗਿਆ ਤਾਂ ਉਹ ਮਰਨ ਵਰਤ ਆਰੰਭ ਦੇਣਗੇ। ਭਾਜਪਾ ’ਤੇ ਆਪਣੇ ਭਾਈਵਾਲ ਸ਼ਿਵ ਸੈਨਾ ਦਾ ਵੀ ਦਬਾਅ ਸੀ ਕਿਉਂਕਿ ਉਨ੍ਹਾਂ ਕਿਸਾਨਾਂ ਦੇ ਅੰਦੋਲਨ ਨੂੰ ਹਮਾਇਤ ਦਿੱਤੀ ਹੋਈ ਸੀ। ਨਾਸਿਕ ਤੋਂ ਪੈਦਲ, ਕੁਝ ਤਾਂ ਨੰਗੇ ਪੈਰ, ਛੇ ਦਿਨਾਂ ਦਾ 180 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਕਰੜੀ ਧੁੱਪ ’ਚ ਇਥੇ ਪੁੱਜੇ ਕਿਸਾਨਾਂ ਨੂੰ ਵੱਡੀ ਜਿੱਤ ਨਸੀਬ ਹੋਈ ਹੈ। ਸੂਬੇ ਦੇ ਮਾਲ ਮੰਤਰੀ ਚੰਦਰਕਾਂਤ ਪਾਟਿਲ ਨੇ ਆਜ਼ਾਦ ਮੈਦਾਨ ’ਚ ਸੀਪੀਐਮ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਦੀ ਮੌਜੂਦਗੀ ’ਚ ਹਜ਼ਾਰਾਂ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਦੀਆਂ ‘ਸਾਰੀਆਂ ਮੰਗਾਂ’ ਮੰਨੀਆਂ ਜਾ ਰਹੀਆਂ ਹਨ। ਵਿਧਾਨ ਭਵਨ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਕਿਹਾ,‘‘ਅਸੀਂ ਆਦਿਵਾਸੀਆਂ ਅਤੇ ਕਿਸਾਨਾਂ ਨੂੰ ਖੇਤੀ ਲਈ ਵਰਤੀ ਜਾ ਰਹੀ ਜੰਗਲਾਤ ਜ਼ਮੀਨ ਸੌਂਪਣ ਸਬੰਧੀ ਕਮੇਟੀ ਬਣਾਉਣ ਦੀ ਸਹਿਮਦੀ ਦੇ ਦਿੱਤੀ ਹੈ।’’ ਕਿਸਾਨਾਂ ਅਤੇ ਆਦਿਵਾਸੀਆਂ ਦੇ ਨੁਮਾਇੰਦਿਆਂ ਨਾਲ ਵਿਧਾਨ ਭਵਨ ’ਚ ਹੋਈ ਬੈਠਕ ਤੋਂ ਬਾਅਦ ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਆਦਿਵਾਸੀ 2005 ਤੋਂ ਪਹਿਲਾਂ ਜ਼ਮੀਨ ’ਤੇ ਖੇਤੀ ਕਰਨ ਦਾ ਸਬੂਤ ਦਿੰਦੇ ਹਨ ਤਾਂ ਖੇਤੀ ਵਾਲੀ ਜ਼ਮੀਨ ਅਲਾਟ ਕਰਨ ਲਈ ਕਮੇਟੀ ਬਣਾਉਣ ਲਈ ਸਰਕਾਰ ਰਾਜ਼ੀ ਹੈ। ਉਨ੍ਹਾਂ ਵੀ ਤਕਰੀਬਨ ਸਾਰੀਆਂ ਮੰਗਾਂ ਮੰਨਣ ਦੀ ਹਾਮੀ ਭਰੀ। ਕਿਸਾਨਾਂ ਦੇ ‘ਲੰਬੇ ਮਾਰਚ’ ਬਾਰੇ ਵਿਧਾਨ ਸਭਾ ’ਚ ਹੋਈ ਬਹਿਸ ਦੌਰਾਨ ਸ੍ਰੀ ਫੜਨਵੀਸ ਨੇ ਕਿਹਾ, ‘‘ਅੰਦੋਲਨ ’ਚ ਸ਼ਾਮਲ ਕਰੀਬ 90 ਤੋਂ 95 ਫ਼ੀਸਦੀ ਵਿਅਕਤੀ ਗਰੀਬ ਆਦਿਵਾਸੀ ਹਨ। ਉਹ ਜੰਗਲਾਂ ਅਤੇ ਜ਼ਮੀਨੀ ਹੱਕਾਂ ਲਈ ਲੜ ਰਹੇ ਹਨ। ਉਹ ਬੇਜ਼ਮੀਨੇ ਹਨ ਅਤੇ ਖੇਤੀ ਨਹੀਂ ਕਰ ਸਕਦੇ। ਸਰਕਾਰ ਉਨ੍ਹਾਂ ਦੀਆਂ ਮੰਗਾਂ ਪ੍ਰਤੀ ਸੰਜੀਦਾ ਅਤੇ ਹਾਂ-ਪੱਖੀ ਹੈ।’’ ਉਨ੍ਹਾਂ ਕਿਹਾ ਕਿ ਮੰਤਰਾਲਾ ਪੱਧਰ ਦੀ ਕਮੇਟੀ ਬਣਾਈ ਗਈ ਹੈ ਜੋ ਅੰਦੋਲਨਕਾਰੀਆਂ ਨਾਲ ਉਨ੍ਹਾਂ ਦੀਆਂ ਮੰਗਾਂ ਬਾਰੇ ਵਿਚਾਰ ਵਟਾਂਦਰਾ ਕਰੇਗੀ। ‘ਅਸੀਂ ਉਨ੍ਹਾਂ ਦੇ ਮਸਲਿਆਂ ਨੂੰ ਸਮਾਂ ਬੱਧ ਤਰੀਕੇ ਨਾਲ ਹੱਲ ਕਰਨ ਦਾ ਫ਼ੈਸਲਾ ਲਵਾਂਗੇ।’ ਸ਼ਿਵ ਸੈਨਾ ਆਗੂ ਆਦਿੱਤਿਆ ਠਾਕਰੇ ਅਤੇ ਐਮਐਨਐਸ ਮੁਖੀ ਰਾਜ ਠਾਕਰੇ ਨੇ ਕੱਲ ਕਿਸਾਨਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਹਮਾਇਤ ਦੇਣ ਦਾ ਐਲਾਨ ਕੀਤਾ ਸੀ। ਵਿਰੋਧੀ ਧਿਰ ਕਾਂਗਰਸ ਅਤੇ ਐਨਸੀਪੀ ਨੇ ਵੀ ਕਿਸਾਨ ਅੰਦੋਲਨ ਨੂੰ ਹਮਾਇਤ ਦਿੱਤੀ ਸੀ। ਮੁੰਬਈ ਡੱਬਾਵਾਲਾ ਐਸੋਸੀਏਸ਼ਨ ਦੇ ਤਰਜਮਾਨ ਸੁਭਾਸ਼ ਤਾਲੇਕਰ ਨੇ ਦੱਸਿਆ ਕਿ ਉਨ੍ਹਾਂ ਕਿਸਾਨਾਂ ਨੂੰ ਭੋਜਨ ਅਤੇ ਪਾਣੀ ਮੁਹੱਈਆ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਕਿਸਾਨ ਸਾਡੇ ਅੰਨਦਾਤੇ ਹਨ ਜੋ ਸੂਬੇ ਦੇ ਦੂਰ-ਦੁਰਾਡੇ ਦੇ ਹਿੱਸਿਆਂ ਤੋਂ ਆਏ ਹਨ ਅਤੇ ਉਨ੍ਹਾਂ ਦੀ ਸਹਾਇਤਾ ਕਰਨਾ ਸਾਡਾ ਫਰਜ਼ ਹੈ।

ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੂੰ ਬੇਨਤੀ ਕੀਤੀ ਹੈ ਕਿ ਉਹ ਆਪਣੇ ਹੰਕਾਰ ਨੂੰ ਛੱਡ ਕੇ ਮੁੰਬਈ ’ਚ ਅੰਦੋਲਨ ਕਰ ਰਹੇ ਹਜ਼ਾਰਾਂ ਕਿਸਾਨਾਂ ਅਤੇ ਆਦਿਵਾਸੀਆਂ ਦੀਆਂ ਮੰਗਾਂ ਮੰਨਣ। ਸ੍ਰੀ ਗਾਂਧੀ ਨੇ ਟਵਿੱਟਰ ’ਤੇ ਕਿਹਾ ਕਿ ਕਿਸਾਨਾਂ ਦਾ ਵੱਡਾ ਮਾਰਚ ਲੋਕਾਂ ਦੀ ਤਾਕਤ ਦੀ ਜ਼ੋਰਦਾਰ ਮਿਸਾਲ ਹੈ। ਉਨ੍ਹਾਂ ਕਾਂਗਰਸ ਵੱਲੋਂ ਕਿਸਾਨਾਂ ਨੂੰ ਹਮਾਇਤ ਦੇਣ ਦਾ ਐਲਾਨ ਕੀਤਾ।

ਭਾਜਪਾ ਦੀ ਸੰਸਦ ਮੈਂਬਰ ਪੂਨਮ ਮਹਾਜਨ ਨੇ ਦੋਸ਼ ਲਾਇਆ ਕਿ ‘ਸ਼ਹਿਰੀ ਮਾਓਵਾਦੀਆਂ’ ਵੱਲੋਂ ਮਹਾਰਾਸ਼ਟਰ ’ਚ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਅਤੇ ਆਦਿਵਾਸੀਆਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਮੁੰਬਈ ਨੌਰਥ ਸੈਂਟਰਲ ਤੋਂ ਸੰਸਦ ਮੈਂਬਰ ਪੂਨਮ ਮਹਾਜਨ ਨੇ ਕਿਹਾ,‘‘ਆਦਿਵਾਸੀਆਂ ਨੂੰ ਮਾਓਵਾਦੀਆਂ ਨੇ ਭਰਮਾ  ਲਿਆ ਹੈ ਅਤੇ ਉਨ੍ਹਾਂ ਦਾ ਕੇਂਦਰ ਪੁਣੇ ’ਚ ਹੈ। ਸਰਕਾਰ ਕਿਸਾਨਾਂ ਲਈ ਕਾਫੀ ਕੁਝ ਕਰ ਸਕਦੀ ਹੈ ਪਰ ਮਾਓਵਾਦੀ ਵਿਚਾਰਧਾਰਾ ਉਨ੍ਹਾਂ ਨੂੰ ਰੋਕ ਰਹੀ ਹੈ।’’ ਮਹਾਜਨ ’ਤੇ ਵਰ੍ਹਦਿਆਂ ਸੀਪੀਐਮ ਆਗੂ ਐਮ ਬੀ ਰਾਜੇਸ਼ ਨੇ ਕਿਹਾ ਕਿ ਕਿਸਾਨ ਅੰਦੋਲਨ ਦੀ ਅਗਵਾਈ ਕਿਸਾਨ ਸਭਾ ਕਰ ਰਹੀ ਸੀ ਜਿਸ ਨੂੰ ਭਾਜਪਾ ਰਾਸ਼ਟਰ ਵਿਰੋਧੀ ਆਖ ਸਕਦੀ ਹੈ। -ਪੀਟੀਆਈ

ਅਧਿਕਾਰੀਆਂ ਵੱਲੋਂ ਕਿਸਾਨਾਂ ਲਈ ਵਿਸ਼ੇਸ਼ ਰੇਲ ਚਲਾਉਣ ਦਾ ਐਲਾਨ

ਘਟਨਾਕ੍ਰਮ ਤੋਂ ਖੁਸ਼ ਸੀਪੀਐਮ ਆਗੂ ਯੇਚੁਰੀ ਨੇ ਕਿਸਾਨਾਂ ਨੂੰ ‘ਭਾਰਤ ਦੇ ਨਵੇਂ ਜਵਾਨ’ ਕਰਾਰ ਦਿੱਤਾ ਜਿਹੜੇ ਮੰਗਾਂ ਨਾ ਮੰਨੇ ਜਾਣ ’ਤੇ ਸਰਕਾਰਾਂ ਨੂੰ ਉਖਾੜ ਸਕਦੇ ਹਨ। ਕਿਸਾਨਾਂ ਦੀਆਂ ਮੰਗਾਂ ਦਾ ਹੱਲ ਨਜ਼ਰ ਆਉਣ ’ਤੇ ਹੁਣ ਕਿਸਾਨ ਘਰਾਂ ਨੂੰ ਪਰਤਣ ਲਈ ਤਿਆਰ ਹਨ। ਅਧਿਕਾਰੀਆਂ ਨੇ ਐਲਾਨ ਕੀਤਾ ਹੈ ਕਿ ਕਿਸਾਨਾਂ ਨੂੰ ਮੁੰਬਈ ਤੋਂ ਭੁਸਾਵਲ ਤਕ ਪਹੁੰਚਾਉਣ ਲਈ  ਸੈਂਟਰਲ ਰੇਲਵੇ ਵੱਲੋਂ ਵਿਸ਼ੇਸ਼ ਰੇਲਾਂ ਚਲਾਉਣ ਦਾ ਫ਼ੈਸਲਾ ਲਿਆ ਗਿਆ ਹੈ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

Source: Punjabi Tribune