dhan

ਜਾਣੋ ਝੋਨੇ ਦੀ ਫ਼ਸਲ ਦੇ ਕੀੜੇ-ਮਕੌੜਿਆਂ ਅਤੇ ਉਨ੍ਹਾਂ ਦੀ ਰੋਕਥਾਮ ਬਾਰੇ

ਝੋਨੇ ਦੀ ਫ਼ਸਲ ਵਿਚ ਕੀੜੇ ਲੱਗਣ ਨਾਲ ਫ਼ਸਲ ਨੂੰ ਬਹੁਤ ਨੁਕਸਾਨ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਝੋਨੇ ਦੀ ਫ਼ਸਲ ਵਿੱਚ ਲੱਗਣ ਵਾਲੇ ਕੀੜਿਆਂ ਬਾਰੇ ਅਤੇ ਉਹਨਾਂ ਦੀ ਰੋਕਥਾਮ ਬਾਰੇ:-

ਤਣੇ ਦੇ ਗੜੂੰਏਂ: ਇਹਨਾਂ ਕੀੜਿਆਂ ਦੀਆਂ ਸੁੰਡੀਆਂ ਤਣੇ ਵਿੱਚ ਵੜ ਜਾਂਦੀਆਂ ਹਨ ਅਤੇ ਜੁਲਾਈ ਤੋਂ ਅਕਤੂਬਰ ਤੱਕ ਨੁਕਸਾਨ ਕਰਦੀਆਂ ਹਨ। ਨਤੀਜੇ ਵਜੋਂ ਬੂਟੇ ਦੀਆਂ ਗੋਭਾਂ ਸੁੱਕ ਜਾਂਦੀਆਂ ਹਨ, ਮੁੰਜਰਾਂ ਵਿੱਚ ਦਾਣੇ ਨਹੀਂ ਪੈਂਦੇ ਅਤੇ ਮੁੰਜਰਾਂ ਚਿੱਟੇ ਰੰਗ ਦੀਆਂ ਹੋ ਜਾਂਦੀਆਂ ਹਨ।
ਪੱਤਾ ਲਪੇਟ ਸੁੰਡੀ: ਇਹ ਸੁੰਡੀਆਂ ਪੱਤੇ ਨੂੰ ਲਪੇਟ ਲੈਂਦੀਆਂ ਹਨ ਅਤੇ ਅੰਦਰੋ-ਅੰਦਰ ਹਰਾ ਮਾਦਾ ਖਾਈ ਜਾਂਦੀਆਂ ਹਨ, ਜਿਸ ਨਾਲ ਪੱਤਿਆਂ ਉੱਤੇ ਚਿੱਟੇ ਰੰਗ ਦੀਆ ਧਾਰੀਆਂ ਪੈ ਜਾਂਦੀਆਂ ਹਨ।

ਰੋਕਥਾਮ: ਤਣੇ ਦੇ ਗੜੂੰਏਂ ਅਤੇ ਪੱਤਾ ਲਪੇਟ ਸੁੰਡੀ ਦੀ ਰੋਕਥਾਮ ਲਈ 560 ਮਿ.ਲੀ. ਮੋਨੋਸਿਲ 36 SL ਜਾਂ 20 ਮਿ.ਲੀ. ਫ਼ੇਮ 480 SC ਜਾਂ 170 ਗ੍ਰਾਮ ਮੌਰਟਰ 75 SG ਨੂੰ 100 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ‘ਤੇ ਸਪਰੇਅ ਕਰੋ।

ਬੂਟਿਆਂ ਦੇ ਟਿੱਡੇ: ਇਹਨਾਂ ਕੀੜਿਆਂ ਵਿੱਚ ਚਿੱਟੀ ਪਿੱਠ ਵਾਲੇ ਟਿੱਡੇ ਅਤੇ ਭੂਰੇ ਟਿੱਡੇ ਸ਼ਾਮਲ ਹਨ। ਇਹਨਾਂ ਟਿੱਡਿਆਂ ਦੇ ਬੱਚੇ ਅਤੇ ਵੱਡੇ ਟਿੱਡੇ ਦੋਵੇਂ ਹੀ ਬੂਟੇ ਦਾ ਰਸ, ਜੁਲਾਈ ਤੋਂ ਅਕਤੂਬਰ ਤੱਕ ਚੂਸਦੇ ਹਨ ਜਿਸ ਨਾਲ ਫ਼ਸਲ ਧੋੜੀਆਂ ਵਿੱਚ ਸੁੱਕ ਜਾਂਦੀ ਹੈ।

ਘਾਹ ਦੇ ਟਿੱਡੇ: ਇਹ ਟਿੱਡੇ ਝੋਨੇ ਦੀ ਫ਼ਸਲ ਦੇ ਪੱਤੇ ਖਾ ਕੇ ਨੁਕਸਾਨ ਕਰਦੇ ਹਨ।

ਰੋਕਥਾਮ: ਬੂਟਿਆਂ ਅਤੇ ਘਾਹ ਦੇ ਟਿੱਡਿਆਂ ਦੀ ਰੋਕਥਾਮ ਦੇ ਲਈ 40 ਮਿ.ਲੀ. ਕੌਨਫ਼ੀਡੋਰ 17.8 SL ਜਾਂ 800 ਮਿ.ਲੀ. ਏਕਾਲਕਸ 25 EC ਨੂੰ 100 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ‘ਤੇ ਸਪਰੇਅ ਕਰੋ।

ਜੜ੍ਹਾਂ ਦੀ ਸੁੰਡੀ: ਇਸ ਸੁੰਡੀ ਦੀਆਂ ਲੱਤਾਂ ਨਹੀਂ ਹੁੰਦੀਆਂ। ਇਸ ਦਾ ਰੰਗ ਚਿੱਟਾ ਹੁੰਦਾ ਹੈ। ਇਹ ਸੁੰਡੀ ਜੁਲਾਈ ਤੋਂ ਸਤੰਬਰ ਤੱਕ ਜ਼ਮੀਨ ਵਿੱਚ ਬੂਟੇ ਦੀਆਂ ਜੜ੍ਹਾਂ ਨੂੰ ਖਾਂਦੀ ਹੈ ਅਤੇ ਹਮਲੇ ਵਾਲੇ ਬੂਟੇ ਛੋਟੇ ਰਹਿ ਜਾਂਦੇ ਹਨ, ਪੀਲੇ ਪੈ ਜਾਂਦੇ ਹਨ ਅਤੇ ਪੂਰਾ ਜਾੜ ਨਹੀਂ ਮਾਰਦੇ।

ਰੋਕਥਾਮ: ਜੜ੍ਹਾਂ ਦੀ ਸੁੰਡੀ ਦੀ ਰੋਕਥਾਮ ਲਈ ਹਮਲੇ ਵਾਲੇ ਖੇਤਾਂ ਵਿੱਚ 3 ਕਿਲੋ ਥਿਮਟ/ਫੋਰਾਟੌਕਸ 10 ਜੀ ਦਾਣੇਦਾਰ ਦਵਾਈ ਦਾ ਪ੍ਰਤੀ ਏਕੜ ਖੜ੍ਹੇ ਪਾਣੀ ਵਿੱਚ ਛਿੱਟਾ ਦੇ ਦਿਓ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ