ਅਜੋਕੇ ਸਮੇਂ ਵਿੱਚ ਕਿਸਾਨ ਦੇ ਪਿੱਛੜਣ ਦਾ ਕਾਰਨ

ਜ਼ਿਆਦਾਤਰ ਭਾਰਤੀ ਕਿਸਾਨ ਭਾਈਚਾਰੇ ਵਿੱਚ ਦੇਖਿਆ ਗਿਆ ਹੈ ਕਿ ਕਿਸਾਨ ਦਾ ਖੁਦਕੁਸ਼ੀ ਕਰ ਰਿਹਾ ਹੈ, ਕਰਜ਼ੇ ਹੇਠ ਦੱਬਿਆ ਜਾ ਰਿਹਾ ਹੈ, ਸਰਕਾਰੀ ਸਕੀਮਾਂ ਜਾਂ ਯੋਜਨਾਵਾਂ ਤੋਂ ਕਿਸਾਨ ਅਸੰਤੁਸ਼ਟ ਹੈ, ਕਿਸਾਨਾਂ ਵੱਲੋਂ ਫ਼ਸਲ ਦੀ ਬਰਬਾਦੀ ਲਈ ਖਰਾਬ ਮੌਸਮ ਨੂੰ ਦੋਸ਼ ਦਿੱਤਾ ਜਾ ਰਿਹਾ ਹੈ, ਨਵੀਂ ਪੀੜ੍ਹੀ ਦਾ ਖੇਤੀ ਵਿੱਚ ਰੁਝਾਨ ਨਹੀ ਹੈ ਅਤੇ ਹੋਰ ਵੀ ਬਹੁਤ ਕੁੱਝ।

ਸਾਡੇ ਦੇਸ਼ ਵਿੱਚ ਕਿਸਾਨਾਂ ਦੀਆਂ ਸ਼ਿਕਾਇਤਾਂ ਦੀ ਸੂਚੀ ਖਤਮ ਨਹੀਂ ਹੋ ਰਹੀ, ਦੂਜੇ ਪਾਸੇ ਬਾਕੀ ਦੇਸ਼ ਖੇਤੀਬਾੜੀ ਦੇ ਇੱਕ ਆਧੁਨਿਕ ਪੱਧਰ ‘ਤੇ ਪਹੁੰਚ ਗਏ ਹਨ, ਜਿੱਥੇ ਸਭ ਕੁੱਝ ਆੱਟੋਮੈਟਿਕ(ਸਵੈ-ਚਲਿਤ) ਹੈ ਅਤੇ ਕੁਦਰਤ ਦੇ ਅਨੁਕੂਲ ਹੈ।

ਭਾਰਤ ਵਿੱਚ ਬਹੁਤ ਘੱਟ ਕਿਸਾਨ ਹਨ, ਜਿਨ੍ਹਾਂ ਨੇ ਇਸ ਤੱਥ ਨੂੰ ਸਮਝਿਆ ਹੈ ਕਿ ਖੇਤੀਬਾੜੀ ਦੇ ਖੇਤਰ ਵਿੱਚ ਸਫ਼ਲ ਹੋਣ ਲਈ ਆਧੁਨਿਕਤਾ ਹੀ ਇੱਕ-ਮਾਤਰ ਕੁੰਜੀ ਹੈ ਅਤੇ ਉਨ੍ਹਾਂ ਕਿਸਾਨਾਂ ਨੇ ਨਾ-ਕੇਵਲ ਇਸ ਤੱਥ ਨੂੰ ਅਪਨਾਇਆ ਬਲਕਿ ਲਾਗੂ ਵੀ ਕੀਤਾ। ਇਸੇ ਕਰਕੇ ਇਨ੍ਹਾਂ ਕਿਸਾਨਾਂ ਨੂੰ ਅਗਾਂਹਵਧੂ ਅਤੇ ਭਵਿੱਖਵਾਦੀ ਕਿਸਾਨਾਂ ਦੇ ਤੌਰ ‘ਤੇ ਜਾਣਿਆ ਜਾਂਦਾ ਹੈ।

ਆਧੁਨਿਕਤਾ ਵਿੱਚ ਟੈੱਕਨਾਲੋਜੀ ਅਹਿਮ ਭੂਮਿਕਾ ਨਿਭਾਉਂਦੀ ਹੈ, ਜੋ ਨਾ-ਕੇਵਲ ਕਿਸਾਨਾਂ ਨੂੰ ਆਤਮ-ਨਿਰਭਰ ਅਤੇ ਬੁੱਧੀਮਾਨ ਬਣਾਉਂਦੀ ਹੈ, ਸਗੋਂ ਖੇਤੀ ਧੰਦਿਆਂ ਨੂੰ ਕਿਫਾਇਤੀ ਵੀ ਬਣਾਉਂਦੀ ਹੈ। ਟੈੱਕਨਾਲੋਜੀ ਦੀ ਵਰਤੋਂ ਕਰਨ ਦਾ ਮਤਲਬ ਵੱਡੀ ਮਸ਼ੀਨਰੀ ਦੀ ਵਰਤੋਂ ਕਰਨਾ ਨਹੀਂ, ਇਸ ਦਾ ਮਤਲਬ ਸੂਚਨਾ ਅਤੇ ਆਧੁਨਿਕ ਅਭਿਆਸਾਂ ਦਾ ਸਹੀ ਤਰੀਕੇ ਨਾਲ ਉਪਯੋਗ ਕਰਨਾ।

ਆਪਣੀ ਖੇਤੀ ਟੀਮ ਦੁਆਰਾ ਕੀਤੇ ਗਏ ਵਿਸ਼ਲੇਸ਼ਣ ਵਿੱਚ ਦੇਖਿਆ ਗਿਆ ਕਿ 10 ਕਿਸਾਨਾਂ ਦੇ ਗਰੁੱਪ ਵਿੱਚੋਂ ਲਗਭਗ 7-8 ਕਿਸਾਨਾਂ ਕੋਲ ਸਮਾਰਟਫੋਨ ਮੌਜੂਦ ਹੁੰਦੇ ਹਨ ਅਤੇ ਹਰ ਕਿਸਾਨ ਪਰਿਵਾਰ ‘ਚ ਇੱਕ ਸਮਾਰਟਫੋਨ ਜ਼ਰੂਰ ਹੁੰਦਾ ਹੈ।

ਤੁਹਾਡੇ ਦਿਮਾਗ ਵਿੱਚ ਇਹ ਸਵਾਲ ਜ਼ਰੂਰ ਆਉਂਦਾ ਹੋਵੇਗਾ ਕਿ ਇੱਕ ਸਮਾਰਟਫੋਨ ਖੇਤੀਬਾੜੀ ਵਿੱਚ ਤੁਹਾਡੀ ਮਦਦ ਕਿਵੇਂ ਕਰ ਸਕਦਾ ਹੈ… ਖੈਰ, ਸਮਾਰਟਫੋਨ ਹੀ ਇੱਕ ਸਭ ਤੋਂ ਮਹੱਤਵਪੂਰਨ ਉਪਕਰਨ ਹੈ, ਜਿਸ ਦੀ ਵਰਤੋਂ ਕਿਸਾਨ ਆਪਣੇ ਖੇਤੀ ਧੰਦਿਆਂ ਦੀ ਉਤਪਾਦਕਤਾ ਵਧਾਉਣ ਲਈ ਕਿਤੇ ਵੀ ਅਤੇ ਕਿਸੇ ਵੀ ਸਮੇਂ ਕਰ ਸਕਦਾ ਹੈ।

ਟੈੱਕਨਾਲੋਜੀ ਨਾ-ਕੇਵਲ ਕਿਸਾਨਾਂ ਨੂੰ ਸੂਝਵਾਨ ਬਣਾਉਂਦੀ ਹੈ, ਸਗੋਂ ਖੇਤੀ ਨੂੰ ਵੀ ਸਥਾਈ ਬਣਾਉਂਦੀ ਹੈ।”

ਜੇ ਟੈੱਕਨਾਲੋਜੀ ਦੀ ਗੱਲ ਕਰੀਏ ਤਾਂ, ਭਾਰਤੀ ਖੇਤੀਬਾੜੀ ਸਮਾਜ ਅਜੇ ਉਸ ਪੱਧਰ ‘ਤੇ ਨਹੀਂ ਪਹੁੰਚਿਆ ਜਿੱਥੇ ਕਿਸਾਨਾਂ ਦੁਆਰਾ ਨਮੀ ਮਾਪਣ ਵਾਲੇ ਸੈਂਸਰ, ਡਰੋਨ, ਜੀ ਪੀ ਐੱਸ ਨਾਲ ਚੱਲਣ ਵਾਲੇ ਸਵੈ-ਚਲਿਤ ਟ੍ਰੈਕਟਰ ਵਰਤੇ ਜਾਣ, ਪਰ ਹਾਂ ਅਸੀਂ ਅਜਿਹੇ ਪੱਧਰ ‘ਤੇ ਪਹੁੰਚ ਚੁੱਕੇ ਹਾਂ, ਜਿੱਥੇ ਕਿਸਾਨ ਲਾਹੇਵੰਦ ਤਰੀਕੇ ਨਾਲ ਟੈੱਕਨਾਲੋਜੀ ਦੀ ਵਰਤੋਂ ਕਰ ਸਕਦਾ ਹੈ।

ਸੋ, ਕਿਵੇਂ ਟੈੱਕਨਾਲੋਜੀ ਖੇਤੀਬਾੜੀ ਨੂੰ ਪ੍ਰਭਾਵਿਤ ਕਰਦੀ ਹੈ:

ਬਿਹਤਰ ਫੈਸਲਾ ਕਰਨਾ: ਭਾਰਤ ਵਿੱਚ ਖੇਤੀਬਾੜੀ ਦੀਆਂ ਬਹੁਤ ਸਾਰੀਆਂ ਐਪਲੀਕੇਸ਼ਨਾਂ(ਐਪ) ਉਪਲੱਬਧ ਹਨ, ਜੋ ਮੁਫਤ ਵਿੱਚ ਕਿਸਾਨ ਨੂੰ ਸਹੀ ਸਮੇਂ ‘ਤੇ ਸਹੀ ਜਾਣਕਾਰੀ ਮੁਹੱਈਆ ਕਰਵਾਉਂਦੀਆਂ ਹਨ।

ਭਾਈਚਾਰੇ ਦਾ ਸੁਮੇਲ: ਟੈੱਕਨਾਲੋਜੀ ਦੇਸ਼ ਦੇ ਵੱਖ-ਵੱਖ ਭਾਗਾਂ ਤੋਂ ਕਿਸਾਨਾਂ ਨੂੰ ਆਪਸ ਵਿੱਚ ਜੋੜਦੀ ਹੈ ਅਤੇ ਇਸ ਤਰ੍ਹਾਂ ਜਾਣਕਾਰੀ ਹਰ ਪਾਸੇ ਪਹੁੰਚਦੀ ਹੈ ਅਤੇ ਵਿਕਾਸ ਹੁੰਦਾ ਹੈ।

ਬਿਹਤਰ ਯੋਜਨਾਬੰਦੀ: ਟੈੱਕਨਾਲੋਜੀ ਜਾਣਕਾਰੀ ਪ੍ਰਦਾਨ ਕਰਦੀ ਹੈ, ਜੋ ਤੁਹਾਨੂੰ ਮਿੱਟੀ ਅਤੇ ਜਲਵਾਯੂ ਅਨੁਸਾਰ ਫਸਲ ਉਗਾਉਣ ਦਾ ਫੈਸਲਾ ਕਰਨ ਦੇ ਸਮਰੱਥ ਬਣਾਉਂਦੀ ਹੈ। ਟੈੱਕਨਾਲੋਜੀ ਮਿੱਟੀ ਵਿੱਚ ਤੱਤਾਂ ਦੀ ਸਹੀ ਲੋੜੀਂਦੀ ਮਾਤਰਾ ਬਾਰੇ ਅੰਦਾਜ਼ਾ ਲਾਉਣ ਵਿੱਚ ਵੀ ਮਦਦ ਕਰਦੀ ਹੈ, ਜਿਸ ਨਾਲ ਖਾਦਾਂ ਅਤੇ ਸਪਰੇਆਂ ਦੀ ਬੇਲੋੜੀ ਵਰਤੋਂ ਨੂੰ ਘਟਾਇਆ ਜਾ ਸਕਦਾ ਹੈ। ਟੈੱਕਨਾਲੋਜੀ ਕਿਫਾਇਤੀ ਤਰੀਕੇ ਨਾਲ ਪੂਰਨ ਤੌਰ ‘ਤੇ ਯੋਜਨਾਬੰਦੀ ਕਰਨ ਵਿੱਚ ਮਦਦ ਕਰਦੀ ਹੈ।

ਟੈੱਕਨਾਲੋਜੀ ਨਵੀਆਂ ਤਕਨੀਕਾਂ ਤੋਂ ਜਾਣੂ ਕਰਵਾਉਂਦੀ ਹੈ: ਅੱਜ ਟੈੱਕਨਾਲੋਜੀ ਉਸ ਆਧੁਨਿਕ ਪੱਧਰ ‘ਤੇ ਪਹੁੰਚ ਗਈ ਹੈ, ਜਿੱਥੇ ਤੁਸੀਂ ਮਿੱਟੀ ਤੋਂ ਬਿਨਾਂ ਹੀ ਫ਼ਸਲਾਂ ਉਗਾ ਸਕਦੇ ਹੋ, ਕੁੱਝ ਘੰਟਿਆਂ ਵਿੱਚ ਹੀ ਏਕੜਾਂ ਦੇ ਹਿਸਾਬ ਨਾਲ ਕਟਾਈ ਕਰ ਸਕਦੇ ਹੋ, ਕੁੱਝ ਮਿੰਟਾਂ ਵਿੱਚ ਹੀ ਕਈ ਟਨ ਫਲਾਂ ਦੀ ਸਫ਼ਾਈ ਅਤੇ ਗ੍ਰੇਡਿੰਗ ਕਰ ਸਕਦੇ ਹੋ ਅਤੇ ਹੋਰ ਵੀ ਬਹੁਤ ਕੁੱਝ… ਇਨ੍ਹਾਂ ਤਕਨੀਕਾਂ ਨੂੰ ਅਪਨਾਉਣ ਲਈ ਤੁਹਾਨੂੰ ਕਿਸੇ ਵੱਡੇ ਨਿਵੇਸ਼ ਦੀ ਲੋੜ ਨਹੀਂ, ਤੁਹਾਨੂੰ ਕੇਵਲ ਇੱਕ ਸੂਝ-ਬੂਝ ਵਾਲੇ ਦ੍ਰਿਸ਼ਟੀਕੋਣ ਦੀ ਲੋੜ ਹੈ, ਕੁੱਝ ਮਸ਼ੀਨੀਕਰਨ ਅਤੇ ਕੁੱਝ ਪੈਸਿਆਂ ਦੀ ਲੋੜ ਹੈ।

ਪ੍ਰਮੋਸ਼ਨ ਲਈ ਗਲੋਬਲ ਪਲੇਟਫਾਰਮ: ਟੈੱਕਨਾਲੋਜੀ ਦੀ ਵਰਤੋਂ ਕਰਕੇ ਕਿਸਾਨ ਡਿਜੀਟਲ ਮਾਰਕਿਟਿੰਗ ਅਤੇ ਵੈੱਬਸਾਈਟ ਪ੍ਰਮੋਸ਼ਨ ਦੁਆਰਾ ਆਪਣੇ ਕਾਰੋਬਾਰ ਨੂੰ ਗਲੋਬਲ ਪੱਧਰ ‘ਤੇ ਉੱਚਾ ਚੁੱਕ ਸਕਦੇ ਹਨ।

ਅੱਜ ਦੇ ਸਮੇਂ ਵਿੱਚ ਟੈੱਕਨਾਲੋਜੀ ਬਹੁਤ ਜ਼ਰੂਰੀ ਹੈ ਅਤੇ ਕਿਸਾਨਾਂ ਨੂੰ ਇਹ ਤੱਥ ਸਮਝਣਾ ਚਾਹੀਦਾ ਹੈ। ਇਸ ਤੋਂ ਇਲਾਵਾ ਵਰਤਮਾਨ ਸਮੇਂ ਵਿੱਚ ਖੇਤੀ ਧੰਦਿਆਂ ਨੂੰ ਅਪਨਾਉਣਾ ਬਾਕੀ ਕਾਰੋਬਾਰਾਂ ਨਾਲੋਂ ਵੱਧ ਲਾਹੇਵੰਦ ਹੈ।

ਜੇਕਰ ਅਸੀਂ ਇਨ੍ਹਾਂ ਸਵਾਲਾਂ ਦੇ ਜਵਾਬ ਲੱਭੀਏ ਕਿ ਭਾਰਤ ਵਿੱਚ ਖੇਤੀਬਾੜੀ ਦੇ ਖੇਤਰ ਵਿੱਚ ਪਛੜੇ ਹੋਣ ਦਾ ਜ਼ਿੰਮੇਦਾਰ ਕੌਣ ਹੈ ਤਾਂ ਇਹ ਦੋਸ਼ ਲਾਉਣ ਦਾ ਸਿਲਸਿਲਾ ਇਸ ਤਰ੍ਹਾਂ ਹੀ ਚਲਦਾ ਰਹੇਗਾ। ਸਾਨੂੰ ਸਭ ਨੂੰ ਜ਼ਿੰਮੇਦਾਰੀ ਨਾਲ ਕੰਮ ਕਰਨਾ ਪਵੇਗਾ ਅਤੇ ਅਣ-ਉਤਪਾਦਕ ਚੀਜ਼ਾਂ ‘ਤੇ ਸਮਾਂ ਅਤੇ ਯਤਨ ਬਰਬਾਦ ਕਰਨ ਦੀ ਬਜਾਏ ਸਾਨੂੰ ਭਵਿੱਖਵਾਦੀ ਸੋਚ ਅਪਨਾਉਣੀ ਚਾਹੀਦੀ ਹੈ।

ਇਸ ਸਮੇਂ ਭਾਰਤ ਵਿੱਚ ਅਸੀਂ ਚੰਗੇ ਵਕੀਲਾਂ, ਕੁਸ਼ਲ ਡਾਕਟਰਾਂ, ਪੜੇ-ਲਿਖੇ ਅਧਿਆਪਕਾਂ ਅਤੇ ਆਈ ਟੀ ਮਾਹਿਰਾਂ ਦੀ ਗਿਣਤੀ ਤੋਂ ਸੰਤੁਸ਼ਟ ਹਾਂ, ਪਰ ਅਜੇ ਵੀ ਅਸੀਂ ਪ੍ਰਗਤੀਸ਼ੀਲ ਕਿਸਾਨਾਂ ਦੀ ਗਿਣਤੀ ਵਿੱਚ ਬਹੁਤ ਪਿੱਛੇ ਹਾਂ।

ਕੇਵਲ ਆਪਣਾ ਦਿਮਾਗ ਚਲਾਓ, ਕਿਉਂਕਿ ਖੇਤੀਬਾੜੀ ਦੇ ਖੇਤਰ ਵਿੱਚ ਟੈੱਕਨਾਲੋਜੀ ਬਹੁਤ ਸਾਰੀਆਂ ਸੰਭਾਵਨਾਵਾਂ ਲਿਆ ਸਕਦੀ ਹੈ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ