ਸਬਜ਼ੀਆਂ ਵਿੱਚ ਪੀਲੀਆ ਰੋਗ ਕਿਵੇਂ ਫੈਲਦਾ ਹੈ ਅਤੇ ਅਸੀਂ ਇਸ ਬਿਮਾਰੀ ਨੂੰ ਕਿਵੇਂ ਰੋਕ ਸਕਦੇ ਹਾਂ?

ਪੀਲੀਆ ਰੋਗ (ਯੈਲੋ ਵੇਨ ਮੋਜ਼ੇਕ): ਪੰਜਾਬ ਵਿੱਚ ਜਿੱਥੇ ਭਿੰਡੀ ਉਗਾਈ ਜਾਂਦੀ ਹੈ, ਉਨ੍ਹਾਂ ਸਾਰੇ ਥਾਵਾਂ ’ਤੇ ਇਹ ਬਿਮਾਰੀ ਆਮ ਵੇਖਣ ਨੂੰ ਮਿਲਦੀ ਹੈ। ਇਹ ਬਿਮਾਰੀ ਬਰਸਾਤੀ ਭਿੰਡੀ ਦਾ ਬਹੁਤ ਨੁਕਸਾਨ ਕਰਦੀ ਹੈ। ਜੇ ਬਿਮਾਰੀ ਅਗੇਤੀ ਲੱਗ ਜਾਵੇ ਤਾਂ ਝਾੜ ’ਤੇ ਕਾਫ਼ੀ ਮਾੜਾ ਅਸਰ ਪਾਉਂਦੀ ਹੈ। ਬਿਮਾਰੀ ਵਾਲੇ ਬੂਟੇ ਦੇ ਪੱਤਿਆਂ ਦੀਆਂ ਨਾੜੀਆਂ ਪੀਲੀਆਂ ਅਤੇ ਮੋਟੀਆਂ ਹੋ ਜਾਂਦੀਆਂ ਹਨ। ਬਿਮਾਰੀ ਦੇ ਜ਼ਿਆਦਾ ਹਮਲੇ ਨਾਲ ਭਿੰਡੀ ਦੇ ਜ਼ਿਆਦਾਤਰ ਪੱਤੇ ਪੀਲੇ ਪੈ ਜਾਂਦੇ ਹਨ, ਜੋ ਬਾਅਦ ਵਿੱਚ ਭੂਰੇ ਹੋ ਕੇ ਸੁੱਕ ਜਾਂਦੇ ਹਨ ਅਤੇ ਬੂਟੇ ਤੋਂ ਹੇਠਾਂ ਡਿੱਗ ਜਾਂਦੇ ਹਨ। ਅਜਿਹੇ ਬਿਮਾਰ ਬੂਟਿਆਂ ਨੂੰ ਫਲ ਨਹੀਂ ਪੈਂਦਾ, ਜੇ ਬਿਮਾਰੀ ਦਾ ਹਮਲਾ ਲੇਟ ਸ਼ੁਰੂ ਹੋਵੇ ਤਾਂ ਉਪਰਲੇ ਪੱਤੇ ਪੀਲੇ ਪੈ ਜਾਂਦੇ ਹਨ, ਪਰ ਤਣਾ ਹਰਾ ਰਹਿੰਦਾ ਹੈ। ਬਿਮਾਰੀ ਵਾਲੇ ਬੂਟੇ ਦੇ ਫਲ ਪੀਲੇ, ਬੇਸ਼ਕਲ ਅਤੇ ਸਖ਼ਤ ਹੁੰਦੇ ਹਨ, ਜਿਨ੍ਹਾਂ ਨੂੰ ਮੰਡੀ ਵਿੱਚ ਭਾਅ ਨਹੀਂ ਮਿਲਦਾ।

ਬਿਮਾਰੀ ਕਿਵੇਂ ਫੈਲਦੀ ਹੈ: ਚਿੱਟੀ ਮੱਖੀ ਇਸ ਰੋਗ ਨੂੰ ਬਿਮਾਰ ਬੂਟੇ ਤੋਂ ਦੂਜੇ ਬੂਟਿਆਂ ਤੱਕ ਫੈਲਾਉਂਦੀ ਹੈ। ਇਹ ਬਿਮਾਰੀ ਕਈ ਨਦੀਨਾਂ ਜਿਵੇਂ ਕਿ ਜੰਗਲੀ ਪੁਦੀਨੇ ’ਤੇ ਵੀ ਪਲਦੀ ਰਹਿੰਦੀ ਹੈ।

ਰੋਕਥਾਮ: ਇਸ ਦੀ ਰੋਕਥਾਮ ਲਈ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਬੀਜ ਰੋਗ ਰਹਿਤ ਫ਼ਸਲ ਤੋਂ ਹੀ ਲੈਣਾ ਚਾਹੀਦਾ ਹੈ। ਬਿਮਾਰੀ ਵਾਲੇ ਬੂਟਿਆਂ ਨੂੰ ਪੁੱਟ ਕੇ ਨਸ਼ਟ ਕਰਨਾ ਚਾਹੀਦਾ ਹੈ। ਬਰਸਾਤੀ ਭਿੰਡੀ ’ਤੇ ਇਸ ਵਿਸ਼ਾਣੂੰ ਦਾ ਹਮਲਾ ਜ਼ਿਆਦਾ ਹੁੰਦਾ ਹੈ। ਇਸ ਕਰਕੇ ਬਰਸਾਤੀ ਭਿੰਡੀ ਬੀਜਣ ਲਈ ਰੋਗ ਰਹਿਤ ਕਿਸਮਾਂ ਜਿਵੇਂ ਕਿ ਪੰਜਾਬ-7, ਪੰਜਾਬ-8 ਅਤੇ ਪੰਜਾਬ ਪਦਮਨੀ ਦੀ ਕਾਸ਼ਤ ਕਰੋ। ਚਿੱਟੀ ਮੱਖੀ ਦੀ ਰੋਕਥਾਮ ਵਾਸਤੇ 560 ਮਿਲੀਲਿਟਰ ਮੈਲਾਥਿਆਨ ਦਾ 100-125 ਲਿਟਰ ਦਾ ਘੋਲ ਬਣਾ ਕੇ ਛਿੜਕਾਅ ਕਰੋ। ਜੰਗਲੀ ਪੁਦੀਨੇ ਦੇ ਬੂਟਿਆਂ ਨੂੰ ਖੇਤ ਦੇ ਆਲੇ-ਦੁਆਲੇ ਨਾ ਰਹਿਣ ਦਿਓ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ