ਵਧੇਰੇ ਪੈਦਾਵਾਰ ਲੈਣ ਲਈ ਬੀਜ ਦੀ ਸੋਧ ਜ਼ਰੂਰੀ

ਹਾੜ੍ਹੀ ਦੀਆਂ ਫ਼ਸਲਾਂ ਦੀ ਪ੍ਰਤੀ ਏਕੜ ਪੈਦਾਵਾਰ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਅਤੇ ਕੀੜੇ-ਮਕੌੜੇ ਪ੍ਰਭਾਵਿਤ ਕਰਦੇ ਹਨ। ਇਸ ਕਾਰਨ ਕਿਸਾਨਾਂ ਨੂੰ ਕਈ ਵਾਰ ਭਾਰੀ ਆਰਥਿਕ ਨੁਕਸਾਨ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਨੁਕਸਾਨ ਨੂੰ ਕਾਫ਼ੀ ਹੱਦ ਤੱਕ ਘਟਾਇਆ ਜਾ ਸਕਦਾ ਹੈ, ਜੇ ਉੱਲੀਨਾਸ਼ਕ ਅਤੇ ਕੀਟਨਾਸ਼ਕ ਦਵਾਈਆਂ ਦੀ ਸਹੀ ਸਮੇਂ ’ਤੇ, ਸਹੀ ਦਵਾਈ ਦੀ, ਸਹੀ ਤਰੀਕੇ ਨਾਲ ਵਰਤੋਂ ਕੀਤੀ ਜਾਵੇ। ਫ਼ਸਲ ਨੂੰ ਬੀਜਣ ਤੋਂ ਬਾਅਦ ਲੱਗਣ ਵਾਲੀਆਂ ਬਿਮਾਰੀਆਂ ਅਤੇ ਕੀੜਿਆਂ ਦੀ ਰੋਕਥਾਮ ਲਈ ਵਰਤੀਆਂ ਜਾਣ ਵਾਲੀਆਂ ਦਵਾਈਆਂ ’ਤੇ ਜ਼ਿਆਦਾ ਖ਼ਰਚਾ ਆਉਣ ਕਾਰਨ ਜਿੱਥੇ ਖੇਤੀ ਲਾਗਤ ਖ਼ਰਚੇ ਵਧਦੇ ਹਨ, ਉੱਥੇ ਕਿਸਾਨ ਦੀ ਆਮਦਨ ਵੀ ਘਟਦੀ ਹੈ।

ਇਨ੍ਹਾਂ ਸਿਫ਼ਾਰਸ਼ਾਂ ਵਿੱਚੋਂ ਫ਼ਸਲ ਦੀ ਬਿਜਾਈ ਤੋਂ ਪਹਿਲਾਂ ਬੀਜ ਨੂੰ ਸੋਧਣਾ ਅਜਿਹੀ ਸਿਫ਼ਾਰਸ਼ ਹੈ ਜਿਸ ਨਾਲ ਬਹੁਤ ਘੱਟ ਖ਼ਰਚਾ ਕਰਕੇ ਹਾੜ੍ਹੀ ਦੀਆਂ ਫ਼ਸਲਾਂ ਨੂੰ ਲੱਗਣ ਵਾਲੀਆਂ ਕਈ ਬਿਮਾਰੀਆਂ ਅਤੇ ਕੀੜਿਆਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ।

ਕਣਕ: ਕਣਕ ਹਾੜ੍ਹੀ ਦੀ ਮੁੱਖ ਫ਼ਸਲ ਹੈ। ਇਸ ਨੂੰ ਆਮ ਕਰਕੇ ਕੋਈ ਵੀ ਮੁੱਖ ਬਿਮਾਰੀ ਪ੍ਰਭਾਵਿਤ ਤਾਂ ਨਹੀਂ ਕਰਦੀ ਪਰ ਪਿੱਛਲੇ ਕੁੱਝ ਸਾਲਾਂ ਦੌਰਾਨ ਮੌਸਮ ਵਿੱਚ ਆ ਰਹੇ ਬਦਲਾਅ ਕਾਰਨ ਕੁੱਝ ਬਿਮਾਰੀਆਂ ਪੈਦਾਵਾਰ ’ਤੇ ਬੁਰਾ ਪ੍ਰਭਾਵ ਪਾ ਰਹੀਆਂ ਹਨ। ਇਨ੍ਹਾਂ ਦੀ ਰੋਕਥਾਮ ਕਰਨੀ ਜ਼ਰੂਰੀ ਹੈ। ਝੂਠੀ ਕਾਂਗਿਆਰੀ, ਪੱਤਿਆਂ ਦੀ ਕਾਂਗਿਆਰੀ ਅਤੇ ਦਾਣੇ ਦੇ ਛਿਲਕੇ ਦੀ ਕਾਲੀ ਨੋਕ ਆਦਿ ਕੁੱਝ ਅਜਿਹੀਆਂ ਬਿਮਾਰੀਆਂ ਹਨ, ਜਿਨ੍ਹਾਂ ਦੀ ਰੋਕਥਾਮ ਕੇਵਲ ਫ਼ਸਲ ਦੀ ਬਿਜਾਈ ਤੋਂ ਪਹਿਲਾਂ ਬੀਜ ਨੂੰ ਉੱਲੀਨਾਸ਼ਕ ਰਸਾਇਣਾਂ ਨਾਲ ਸੋਧ ਕੇ ਹੀ ਕੀਤੀ ਜਾ ਸਕਦੀ ਹੈ।

ਜੇ ਖੇਤਾਂ ਵਿੱਚ ਸਿਉਂਕ ਦੀ ਸਮੱਸਿਆ ਹੈ ਤਾਂ ਸਭ ਤੋਂ ਪਹਿਲਾਂ 160 ਮਿਲੀਲਿਟਰ ਕਲੋਰੋਪਾਈਰੀਫਾਸ 20 ਈਸੀ ਜਾਂ 240 ਮਿਲੀਲਿਟਰ ਫਿਪਰੋਨਿਲ 5% ਐਸਸੀ ਨੂੰ ਇੱਕ ਲਿਟਰ ਪਾਣੀ ਵਿੱਚ ਘੋਲ ਕੇ 40 ਕਿੱਲੋ ਬੀਜ ਦੀ ਪੱਕੇ ਫਰਸ਼, ਤਰਪਾਲ ਜਾਂ ਪਲਾਸਟਿਕ ਦੀ ਸ਼ੀਟ ’ਤੇ ਪਤਲੀ ਤਹਿ ਵਿਛਾ ਕੇ ਛਿੜਕਾਓ ਕਰਕੇ ਸੁਕਾ ਲਉ। ਸੁਕਾਉਣ ਤੋਂ ਬਾਅਦ ਕਣਕ ਦੀਆਂ ਸਾਰੀਆਂ ਦੇ ਬੀਜ (ਡਬਲਿਯੂ ਐਚ ਡੀ 943, ਪੀਡੀ ਡਬਲਿਯੂ 291 ਪੀਡੀ ਡਬਲਿਯੂ 233 ਅਤੇ ਟੀਐਲ 2908 ਨੂੰ ਛੱਡ ਕੇ) ਨੂੰ ਰੈਕਸਲ ਈਜ਼ੀ/ਓਰੀਅਸ 6 ਐਫਐਸ (ਟੈਬੂਕੋਨਾਜ਼ੋਲ) 13 ਮਿਲੀਲਿਟਰ ਪ੍ਰਤੀ 40 ਕਿੱਲੋ ਬੀਜ (13 ਮਿਲੀਲਿਟਰ ਦਵਾਈ ਨੂੰ 400 ਮਿਲੀਲਿਟਰ ਪਾਣੀ ਵਿੱਚ ਘੋਲ ਕੇ 40 ਕਿੱਲੋ ਬੀਜ ਨੂੰ ਲਗਾਓ) ਜਾਂ ਵੀਟਾਵੈਕਸ ਪਾਵਰ 75 ਡਬਲਿਯੂ ਐਸ (ਕਾਰਬੋਕਸਨ+ਟੈਟਰਾਮੀਥਾਈਲ ਥਾਈਯੂਰਮ ਡਾਈਸਲਫਾਈਡ) 120 ਗ੍ਰਾਮ ਜਾਂ ਵੀਟਾਵੈਕਸ 75 ਡਬਲਿਯੂ ਪੀ (ਕਾਰਬੋਕਸਿਨ) 80 ਗ੍ਰਾਮ ਜਾਂ ਸੀਡੈਕਸ 2 ਡੀਐਸ/ਐਕਸਜ਼ੋਲ 2 ਡੀਐਸ (ਟੈਬੂਕੋਨਾਜ਼ੋਲ) 40 ਗ੍ਰਾਮ ਪ੍ਰਤੀ 40 ਕਿਲੋ ਬੀਜ ਦੇ ਹਿਸਾਬ ਨਾਲ ਸੋਧ ਲਵੋ।

ਬੀਜ ਸੋਧਕ ਡਰੰਮ ਵਿੱਚ ਸਮਰੱਥਾ ਅਨੁਸਾਰ ਬੀਜ ਪਾ ਕੇ ਸਿਫ਼ਾਰਸ਼ ਕੀਤੀ ਮਾਤਰਾ ਵਿੱਚ ਦਵਾਈ ਚੰਗੀ ਤਰ੍ਹਾਂ ਰਲਾ ਦੇਣੀ ਚਾਹੀਦੀ ਹੈ। ਇਸ ਤਰ੍ਹਾਂ ਕਰਨ ਨਾਲ ਝੂਠੀ ਕਾਂਗਿਆਰੀ ਦੀ ਰੋਕਥਾਮ ਹੋ ਜਾਵੇਗੀ। ਦਾਣੇ ਦੇ ਛਿਲਕੇ ਦੀ ਕਾਲੀ ਨੋਕ ਅਤੇ ਸਿੱਟੇ ਦੇ ਝੁਲਸ ਰੋਗ ਦੀ ਰੋਕਥਾਮ ਲਈ ਬੀਜ ਨੂੰ ਕੈਪਟਾਨ ਜਾਂ ਥੀਰਮ 3 ਗ੍ਰਾਮ ਪ੍ਰਤੀ ਕਿੱਲੋ ਬੀਜ ਦੇ ਹਿਸਾਬ ਸੋਧ ਲਵੋ। ਜੇ ਬੀਜ ਵੀਟਾਵੈਕਸ ਪਾਵਰ ਨਾਲ ਸੋਧਿਆ ਹੈ ਤਾਂ ਕੈਪਟਾਨ ਨਾਲ ਸੋਧਣ ਦੀ ਜ਼ਰੂਰਤ ਨਹੀਂ। ਬੀਜ ਦੀ ਸੋਧ ਬਿਜਾਈ ਤੋਂ ਕਦੇ ਵੀ ਇੱਕ ਮਹੀਨੇ ਤੋਂ ਪਹਿਲਾਂ ਨਾ ਕਰੋ ,ਅਜਿਹਾ ਕਰਨ ਨਾਲ ਬੀਜ ਦੀ ਉੱਗਣ ਸ਼ਕਤੀ ’ਤੇ ਬੁਰਾ ਪ੍ਰਭਾਵ ਨਹੀਂ ਪੈਂਦਾ।

ਬੀਜ ਨੂੰ ਜੈਵਿਕ ਜੀਵਾਣੂ ਖਾਦ ਦਾ ਟੀਕਾ ਲਗਾਉਣਾ: ਅੱਧਾ ਕਿੱਲੋ ਕਨਸ਼ੋਰਸ਼ੀਅਮ ਜੀਵਾਣੂੰ ਖਾਦ ਨੂੰ ਇੱਕ ਲਿਟਰ ਪਾਣੀ ਵਿੱਚ ਘੋਲ ਕੇ ਕਣਕ ਦੇ 40 ਕਿੱਲੋ ਬੀਜ ਨਾਲ ਚੰਗੀ ਤਰ੍ਹਾਂ ਮਿਲਾ ਦਿਉ। ਸੋਧੇ ਬੀਜ ਨੂੰ ਪੱਕੇ ਫਰਸ਼ ’ਤੇ ਖਿਲਾਰ ਕੇ ਛਾਵੇਂ ਸੁਕਾ ਲਉ ਅਤੇ ਛੇਤੀ ਬੀਜ ਲਉ। ਬੀਜ ਨੂੰ ਇਹ ਟੀਕਾ ਲਗਾਉਣ ਨਾਲ ਪ੍ਰਤੀ ਏਕੜ ਝਾੜ ਵਧਦਾ ਹੈ। ਕਨਸ਼ੋਰਸ਼ੀਅਮ ਦਾ ਟੀਕਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮਾਈਕਰੋਬਾਇਆਲੋਜੀ ਵਿਭਾਗ /ਕ੍ਰਿਸ਼ੀ ਵਿਗਿਆਨ ਕੇਂਦਰ/ ਕਿਸਾਨ ਸਲਾਹਕਾਰ ਅਤੇ ਸੇਵਾ ਕੇਂਦਰ ਤੋਂ ਮਿਲ ਸਕਦਾ ਹੈ ਜਾਂ ਫ਼ਸਲ ਨੂੰ ਫਾਸਫੋਰਸ ਤੱਤ ਦੀ ਉਪਲਬਧਤਾ ਵਧਾਉਣ ਲਈ ਜੀਵਾਣੂ ਖਾਦ ਦੇ ਮਿਸ਼ਰਨ (ਆਰਬਸਕੂਲਰ ਮਾਈਕਰੋਹਾਈਜ਼ਲ ਫੰਜਾਈ ਅਤੇ ਪਲਾਂਟ ਗ੍ਰੋਥ ਪ੍ਰੋਮੋਟਿੰਗ ਬੈਕਟੀਰੀਆ) ਦਾ ਟੀਕਾ ਲਗਾਉ। 40 ਕਿੱਲੋ ਕਣਕ ਦੇ ਬੀਜ ਨੂੰ ਇੱਕ ਲਿਟਰ ਪਾਣੀ ਨਾਲ ਗਿੱਲਾ ਕਰ ਕੇ ਇੱਕ ਕਿੱਲੋ ਜੀਵਾਣੂ ਖਾਦ ਦੇ ਮਿਸ਼ਰਨ ਨਾਲ ਚੰਗੀ ਤਰ੍ਹਾਂ ਰਲਾ ਦਿਉ। ਉਪਰੋਕਤ ਬੀਜ ਨੂੰ ਅੱਧੇ ਘੰਟੇ ਲਈ ਛਾਂ ਵਿੱਚ ਸੁਕਾ ਕੇ ਬੀਜ ਲਉ।

ਜੌਂ: ਬਿਜਾਈ ਤੋਂ ਪਹਿਲਾਂ ਬੀਜ ਨੂੰ ਵੀਟਾਵੈਕਸ 75 ਡਬਲਿਯੂ ਪੀ ਕਾਰਬੋਕਸਿਨ) ਜਾਂ ਰੈਕਸਿਲ 2 ਡੀ ਐਸ (ਟੈਬੂਕੋਨਾਜ਼ੋਲ) 1.5 ਗ੍ਰਾਮ ਪ੍ਰਤੀ ਕਿੱਲੋ ਬੀਜ ਦੇ ਹਿਸਾਬ ਨਾਲ ਬੀਜ ਸੋਧਕ ਡਰੰਮ ਨਾਲ ਸੋਧ ਲਵੋ। ਇਸ ਨਾਲ ਕਾਂਗਿਆਰੀ, ਬੰਦ ਕਾਂਗਿਆਰੀ ਅਤੇ ਧਾਰੀਆਂ ਦਾ ਰੋਗ ਨਹੀਂ ਲਗਦਾ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ