ਕਿਵੇਂ ਬਣਦੀ ਹੈ ਝੋਨੇ ਦੀ ਪਰਾਲੀ ਤੋਂ ਵਧੀਆ ਖਾਦ ?

ਝੋਨੇ ਦੀ ਪਰਾਲੀ ਨੂੰ ਖੇਤ ਵਿੱਚ ਸਾੜਨ ਦੀ ਬਜਾਏ ਇਸ ਤੋਂ ਗੁਣਕਾਰੀ ਖਾਦ ਤਿਆਰ ਕੀਤੀ ਜਾ ਸਕਦੀ ਹੈ, ਜਿਸਦੀ ਵਰਤੋਂ ਨਾਲ ਮਿੱਟੀ ਦੀ ਗੁਣਵੱਤਾ ਵਧਾਈ ਜਾ ਸਕਦੀ ਹੈ। ਖਾਦ ਬਣਾਉਣ ਦੇ ਲਈ ਪਰਾਲੀ ਦਾ ਗਲਣਾ ਅਤੇ ਸੜਨਾ ਬਹੁਤ ਜ਼ਰੂਰੀ ਹੈ ਅਤੇ ਚੰਗੀ ਤਰ੍ਹਾਂ ਗਲਣ-ਸੜਨ ਲਈ ਢੇਰ ਵਿੱਚ ਹਵਾ ਦਾ ਸਹੀ ਸੰਚਾਰ ਅਤੇ ਨਮੀ ਦੀ ਸਹੀ ਮਾਤਰਾ ਹੋਣੀ ਜ਼ਰੂਰੀ ਹੈ। ਖੇਤਾਂ ਵਿੱਚ ਖਿਲਰੀ ਪਰਾਲੀ ਨੂੰ ਇਕ ਜਗ੍ਹਾ ਇਕੱਠੀ ਕਰਨ ਮਗਰੋਂ ਇਸ ਦੀਆਂ 10-15 ਕਿੱਲੋ ਵਜ਼ਨ ਦੀਆਂ ਭਰੀਆਂ ਬੰਨ੍ਹ ਲਓ। ਇਹਨਾਂ ਭਰੀਆਂ ਨੂੰ ਯੂਰੀਆ ਖ਼ਾਦ ਅਤੇ ਤਾਜ਼ੇ ਗੋਹੇ ਦੇ ਘੋਲ ਵਿੱਚ ਲਗਭਗ 2-3 ਮਿੰਟਾਂ ਲਈ ਡਬੋ ਕੇ ਰੱਖੋ। ਪਰਾਲੀ ਦੀਆਂ ਭਰੀਆਂ ਨੂੰ ਡਬੋ ਕੇ ਕੱਢਣ ਮਗਰੋਂ, ਇਹਨਾਂ ਨੂੰ ਨੁਚੜਨ ਦਿਓ। ਜ਼ਮੀਨ ਤੋਂ 6ਇੰਚ ਉੱਚੇ ਅਤੇ 1.5ਮੀਟਰ ਚੌੜੇ ਬੈੱਡ ਬਣਾ ਲਓ। ਇਸ ਲਈ ਕਪਾਹ ਜਾਂ ਦਰੱਖ਼ਤਾਂ ਦੀਆਂ 2-6 ਸੈਂ.ਮੀ. ਘੇਰੇ ਵਾਲੀਆਂ ਟਾਹਣੀਆਂ ਵਿੱਚ ਦੇਣੀਆਂ ਚਾਹੀਦੀਆਂ ਹਨ। ਬੈੱਡਾਂ ਦੀ ਲੰਬਾਈ ਲੋੜ ਅਨੁਸਾਰ ਘਟਾਈ ਜਾਂ ਵਧਾਈ ਜਾ ਸਕਦੀ ਹੈ। ਭਰੀਆਂ ਵਿੱਚੋਂ ਪਾਣੀ ਨੁਚੜਨ ਮਗਰੋਂ, ਗੰਢਾਂ ਖੋਲ ਕੇ ਪਰਾਲੀ ਬੈੱਡਾਂ ‘ਤੇ ਵਿਛਾ ਦਿਓ। ਪਰਾਲੀ ਦੇ ਇਹਨਾਂ ਬੈੱਡਾਂ ਵਿੱਚ ਸੌਖੇ ਢੰਗ ਨਾਲ ਪਾਣੀ ਲਾਉਣ ਲਈ ਅਜਿਹੇ ਦੋ ਬੈੱਡਾਂ ਵਿਚਕਾਰ ਇਕ ਮੀਟਰ ਦਾ ਫ਼ਾਸਲਾ ਹੋਣਾ ਚਾਹੀਦਾ ਹੈ।

ਨਮੀ ਨੂੰ ਸੰਭਾਲਣ ਲਈ ਹਰੇਕ ਬੈੱਡ ‘ਤੇ 20-30 ਸੈਂ.ਮੀ. ਸੁੱਕੀ ਪਰਾਲੀ ਦੀ ਤਹਿ ਵਿਛਾ ਦੇਣੀ ਚਾਹੀਦੀ ਹੈ। ਜੇਕਰ ਪਰਾਲੀ ਵਿੱਚ ਨਮੀ ਦਾ ਪੱਧਰ 70 ਫ਼ੀਸਦੀ ਤੱਕ ਬਰਕਰਾਰ ਰੱਖਿਆ ਜਾਵੇ ਤਾਂ ਪਰਾਲੀ ਤੋਂ ਕੰਪੋਸਟ ਜਲਦੀ ਬਣ ਜਾਂਦੀ ਹੈ। ਪਰਾਲੀ ਦੇ ਢੇਰ ਦੇ ਅੰਦਰ ਤੱਕ ਪਾਣੀ ਪਹੁੰਚਾਉਣ ਲਈ, ਤਿਰਛੇ ਮੂੰਹ ਵਾਲੀ ਲੋਹੇ ਦੀ ਪਾਈਪ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸੇ ਤਰ੍ਹਾਂ ਪਰਾਲੀ ਦੇ ਢੇਰ ਵਿੱਚ ਸਹੀ ਸੰਚਾਰ ਦੇ ਲਈ ਪਰਾਲੀ ਦੇ ਢੇਰ ਨੂੰ ਹਰ ਪੰਦਰਾਂ ਦਿਨਾਂ ਦੇ ਵਕਫ਼ੇ ‘ਤੇ ਉਲਟਾ ਕੇ ਹਵਾ ਲਵਾਉਣੀ ਚਾਹੀਦੀ ਹੈ। ਹਵਾ ਲਵਾਉਣ ਮਗਰੋਂ ਪਰਾਲੀ ਦਾ ਪਹਿਲਾਂ ਵਾਂਗ ਢੇਰ ਲਾ ਦਿਓ। ਅਜਿਹਾ ਕਰਨ ਨਾਲ 80-90 ਦਿਨਾਂ ਵਿੱਚ ਹੀ ਕੰਪੋਸਟ ਤਿਆਰ ਹੋ ਜਾਂਦੀ ਹੈ। ਇਸ ਤਰ੍ਹਾਂ ਤਿਆਰ ਕੀਤੀ ਕੰਪੋਸਟ ਵਿੱਚ ਖੁਰਾਕੀ ਤੱਤ ਨਾਈਟ੍ਰੋਜਨ, ਫਾਸਫੋਰਸ ਅਤੇ ਪੋਟਾਸ਼ ਦੀ ਮਾਤਰਾ ਕ੍ਰਮਵਾਰ 1.75 ਫ਼ੀਸਦੀ,2.20 ਫ਼ੀਸਦੀ, 2.47 ਫ਼ੀਸਦੀ ਹੁੰਦੀ ਹੈ।

ਫਾਸਫੋਕੰਪੋਸਟ ਬਣਾਉਣ ਦੀ ਵਿਧੀ

ਝੋਨੇ ਦੀ ਪਰਾਲੀ ਤੋਂ ਕੰਪੋਸਟ ਵਿੱਚ ਫਾਸਫੋਰਸ ਦੀ ਮਾਤਰਾ ਵਧਾਉਣ ਲਈ ਇਸਨੂੰ ਫਾਸਫੋਰਸ ਯੁਕਤ ਵੀ ਕੀਤਾ ਜਾਂਦਾ ਹੈ। ਕੰਪੋਸਟ ਵਿੱਚ ਫਾਸਫੋਰਸ ਦੀ ਮਾਤਰਾ ਵਧਾਉਣ ਲਈ ਰੌਕ-ਫਾਸਫੇਟ ਦੀ ਵਰਤੋਂ ਕੀਤੀ ਜਾਂਦੀ ਹੈ। ਰੌਕ ਫਾਸਫੇਟ ਨੂੰ ਚੰਗੀ ਤਰ੍ਹਾਂ ਪੀਸ ਕੇ ਬਰੀਕ ਕਰ ਲੈਣਾ ਚਾਹੀਦਾ ਹੈ। ਇਸਦੀ ਵਰਤੋਂ ਯੂਰੀਏ ਅਤੇ ਗੋਹੇ ਦੇ ਘੋਲ ਵਿੱਚ ਡੁਬਾਉਣ ਤੋਂ ਬਾਅਦ, ਬੈੱਡਾਂ ‘ਤੇ ਪਰਾਲੀ ਦੀਆਂ ਤਹਿਆਂ ਵਿਛਾਉਂਦੇ ਸਮੇਂ ਕਰਨੀ ਚਾਹੀਦੀ ਹੈ। ਇਸ ਲਈ 500 ਕਿੱਲੋ ਪਰਾਲੀ ਦੇ ਢੇਰ ਵਾਸਤੇ 30 ਕਿੱਲੋ ਰੌਕ ਫਾਸਫੇਟ ਹਰ ਤਹਿ ਵਿਚਕਾਰ ਬਰਾਬਰ ਮਾਤਰਾ ਵਿੱਚ ਪਾ ਦਿਓ। ਇਸ ਤੋਂ ਬਾਅਦ ਉਪਰੋਕਤ ਦੱਸੀ ਵਿਧੀ ਵਰਤੋ ਅਤੇ ਇਹ ਖ਼ਾਦ ਵੀ 80-90 ਦਿਨਾਂ ਵਿੱਚ ਹੀ ਤਿਆਰ ਹੋ ਜਾਂਦੀ ਹੈ। ਝੋਨੇ ਦੀ ਪਰਾਲੀ ਤੋਂ ਤਿਆਰ ਕੰਪੋਸਟ ਨੂੰ ਰੂੜੀ ਦੀ ਖ਼ਾਦ ਵਾਂਗੂ ਹੀ ਕਿਸੇ ਵੀ ਫ਼ਸਲ ਲਈ ਵਰਤਿਆ ਜਾ ਸਕਦਾ ਹੈ। ਜ਼ਮੀਨ ਵਿੱਚ ਕੰਪੋਸਟ ਦੀ ਵਰਤੋਂ ਨਾਲ ਜ਼ਮੀਨ ਦੇ ਭੌਤਿਕ , ਰਸਾਇਣਿਕ ਅਤੇ ਜੀਵਨ ਗੁਣਾਂ ਵਿੱਚ ਸੁਧਾਰ ਹੁੰਦਾ ਹੈ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ