pregnant animal

ਜੇਕਰ ਤੁਹਾਡੇ ਪਸ਼ੂ ਨੂੰ ਵੀ ਜੇਰ ਨਹੀ ਪੈਂਦੀ ਤਾਂ ਜ਼ਰੂਰ ਪੜ੍ਹੋ ਇਹਨਾਂ ਨੁਸਖਿਆਂ ਬਾਰੇ

ਪਸ਼ੂਆਂ ਦੇ ਸੂਣ ਤੋਂ ਤਕਰੀਬਰਨ 6-12 ਘੰਟੇ ਵਿੱਚ ਜੇਰ ਪੈ ਜਾਣੀ ਚਾਹੀਦੀ ਹੈ । ਇਹ ਸਮੱਸਿਆ ਆਮ ਤੌਰ ਤੇ ਜ਼ਿਆਦਾ ਦੁੱਧ ਦੇਣ ਵਾਲੇ ਪਸ਼ੂਆਂ ਵਿੱਚ ਆਉਦੀ ਹੈ। ਇਸਦੇ ਕਈ ਕਾਰਨ ਹੋ ਸਕਦੇ ਹਨ। ਜੇਕਰ ਤੁਹਾਡੇ ਪਸ਼ੂ ਨੂੰ ਵੀ ਜੇਰ ਨਹੀ ਪੈਂਦੀ ਤਾਂ ਤੁਸੀ ਇਹਨਾਂ ਨੁਸਖਿਆਂ ਨੂੰ ਅਜ਼ਮਾ ਕੇ ਦੇਖੋ।

1. ਸੱਜਰ ਸੂਈ ਮੱਝ/ ਗਾਂ ਨੂੰ ਉਸੇ ਦੀ ਬੌਹਲੀ ਪਿਲਾ ਦੇਵੋ। ਇਸ ਨਾਲ ਜੇਰ ਜਲਦੀ ਪਵੇਗੀ ਕਿਉਂਕਿ ਬੌਹਲੀ ਵਿੱਚ ਦੁੱਧ ਦੇ ਮੁਕਾਬਲੇ ਕਈ ਗੁਣਾਂ ਜ਼ਿਆਦਾ ਖੁਰਾਕੀ ਤੱਤ ਹੁੰਦੇ ਹਨ। ਊਰਜਾ ਦਾ ਸੋਮਾ ਹੋਣ ਦੇ ਨਾਲ-ਨਾਲ ਇਸ ਵਿੱਚ ਕੈਲਸ਼ੀਅਮ ਵੀ ਭਰਪੂਰ ਮਾਤਰਾ ਵਿੱਚ ਹੁੰਦਾ ਹੈ, ਜਿਹੜਾ ਕਿ ਬੱਚੇਦਾਨੀ ਦੇ ਸੁੰਗੜਨ ਲਈ ਅਤੇ ਜੇਰ ਬਾਹਰ ਕੱਢਣ ਲਈ ਸਹਾਇਕ ਹੁੰਦਾ ਹੈ। ਕੁਦਰਤ ਸਿਰਫ ਇਸਨੂੰ ਨਵਜਮੇਂ ਬੱਚਿਆਂ ਲਈ ਹੀ ਪੈਦਾ ਕਰਦੀ ਹੈ, ਇਸਨੂੰ 1-2 ਘੰਟਿਆਂ ਦੇ ਵਿੱਚ-ਵਿੱਚ ਕੱਟੜੂ-ਵੱਛੜੂ ਨੂੰ ਜ਼ਰੂਰ ਪਿਲਾਓ।

2. ਸੂਣ ਉਪਰੰਤ ਪਸ਼ੂ ਨੂੰ ਗੁੜ, ਸੌਂਫ, ਅਜਵੈਣ, ਸੋਏ, ਮੇਥੀ, ਸੁੰਢ ਮਿਲਾ ਕੇ ਕਾੜ੍ਹਾ ਪਿਆਓ। ਇਹ ਬੱਚੇਦਾਨੀ ਦੇ ਸੁੰਗੜਣ ਵਿੱਚ ਵੀ ਸਹਾਈ ਹੁੰਦਾ ਹੈ, ਜਿਸ ਨਾਲ ਜੇਰ ਜਲਦੀ ਪੈਂਦੀ ਹੈ।

3. ਜੇਰ ਨਾ ਪੈਣ ਦੀ ਸੂਰਤ ਆਟਾ, ਗੁੜ, ਸੌਂਫ, ਇਲਾਇਚੀ ਅਤੇ ਜ਼ੀਰਾ ਆਦਿ ਨੂੰ ਪਸ਼ੂ ਦੀ ਖੁਰਾਕ ਵਿੱਚ ਮਿਲਾ ਕੇ ਖੁਆ ਦਿੱਤਾ ਜਾਂਦਾ ਹੈ ਕਿਉਂਕਿ ਆਟਾ ਤੇ ਗੁੜ ਊਰਜਾ ਪ੍ਰਦਾਨ ਕਰਦੇ ਹਨ ਜੋ ਕਿ ਸੂਣ ਪਿੱਛੋਂ ਨਿਢਾਲ ਹੋਏ ਪਸ਼ੂ ਲਈ ਬਹੁਤ ਜ਼ਰੂਰੀ ਹੈ। ਸੌਂਫ ਪਾਚਣ ਪ੍ਰਣਾਲੀ ਨੂੰ ਦਰੁਸਤ ਰੱਖਦੀ ਹੈ। ਜੇਰ ਨਾ ਪੈਣ ਦੀ ਸੂਰਤ ਵਿੱਚ ਪਸ਼ੂ ਨੂੰ ਪਿੱਪਲ ਦੇ ਪੱਤੇ ਖੁਆ ਦਿਓ ਕਿਉਂਕਿ ਪਿੱਪਲ ਦੇ ਪੱਤਿਆਂ ਵਿੱਚ ਰੇਸ਼ਾ ਹੈ ਜਿਹੜਾ ਪਸ਼ੂ ਦਾ ਢਿੱਡ ਭਰਨ ਵਿੱਚ ਸਹਾਈ ਹੁੰਦਾ ਹੈ ਜਿਸ ਨਾਲ ਬੱਚੇਦਾਨੀ ਤੇ ਦਬਾਅ ਪੈਂਦਾ ਹੈ ਅਤੇ ਜੇਰ ਜਲਦੀ ਪੈ ਸਕਦੀ ਹੈ।

4. ਸਰ੍ਹੋਂ ਦਾ ਤੇਲ, ਲੂਣ ਤੇ ਅਜਵੈਨ ਨੂੰ ਮਿਲਾ ਕੇ ਪਸ਼ੂ ਦੀ ਧੌਣ ਤੋਂ ਪੂਛ ਵੱਲ ਨੂੰ ਜ਼ੋਰ-ਜ਼ੋਰ ਨਾਲ ਮਾਲਿਸ਼ ਕਰੋ ਉਦੋ ਤੱਕ ਜਦੋਂ ਤੱਕ ਪਸ਼ੂ ਦੇ ਸਰੀਰ ਵਿੱਚ ਸੇਕ ਨਾ ਨਿਕਲਣ ਲੱਗ ਜਾਵੇ। ਇਸ ਨਾਲ ਵੀ ਜੇਰ ਜਲਦੀ ਪਵੇਗੀ।

ਸੋਰਸ- ਗੁਰੂ ਅੰਗਦ ਦੇਵ ਯੂਨੀਵਰਸਿਟੀ ਲੁਧਿਆਣਾ

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ