ਘਰ ਵਿਚ ਸਟੋਰ ਕੀਤੇ ਅਨਾਜ ਨੂੰ ਕਿਵੇਂ ਕਰੋ ਕੀੜਿਆਂ ਤੋਂ ਸੁਰੱਖਿਅਤ ?

ਆਮ ਤੌਰ ਤੇ ਲੋਕ ਪੂਰੇ ਮਹੀਨੇ ਦਾ ਰਾਸ਼ਨ ਇੱਕੋ ਵਾਰ ਖਰੀਦ ਕੇ ਰੱਖ ਲੈਂਦੇ ਹਨ, ਜੇਕਰ ਰਾਸ਼ਨ ਨੂੰ ਸਹੀ ਢੰਗ ਨਾਲ ਨਾ ਰੱਖਿਆ ਜਾਵੇ ਤਾਂ ਉਸ ਵਿੱਚ ਬਦਬੂ ਆਉਣ ਲੱਗਦੀ ਹੈ ਤੇ ਇਸ ਦੇ ਨਾਲ ਹੀ ਕੀਟਾਣੂ ਬਣਨੇ ਸ਼ੁਰੂ ਹੋ ਜਾਂਦੇ ਹਨ ਜਿਸ ਨਾਲ ਉਹ ਖਾਣਯੋਗ ਨਹੀਂ ਰਹਿੰਦੇ ਤੇ ਇਸ ਲਈ ਸਫ਼ਾਈ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ।

ਸਟੋਰ ਕਰਕੇ ਰੱਖੇ ਗਏ ਅਨਾਜ ਦੇ ਸਭ ਤੋਂ ਵੱਡੇ ਦੁਸ਼ਮਣ

ਸੁੰਡੀ: ਸੁੰਡੀ ਇੱਕ ਤਰ੍ਹਾਂ ਦਾ ਕੀੜਾ ਹੈ ਜੋ ਕਿ ਅਨਾਜ ਦੇ ਦਾਣੇ ਵਿੱਚ ਸੂਖਮ ਮੋਰੀ ਕਰਕੇ ਉਸਨੂੰ ਖੋਖਲਾ ਬਣਾ ਦਿੰਦਾ ਹੈ।

ਖਪਰਾ ਬੀਟਲ: ਇਹ ਸਟੋਰ ਵਿੱਚ ਰੱਖੇ ਅਨਾਜ ਦਾ ਸਭ ਤੋਂ ਵੱਡਾ ਦੁਸ਼ਮਣ ਹੈ । ਇਸਦੇ ਬੱਚੇ ਦਾਣੇ ਦੇ ਅੰਦਰ ਦੇ ਹਿੱਸੇ ਨੂੰ ਖਾ ਕੇ ਨੁਕਸਾਨ ਪਹੁੰਚਾਉਦੇ ਹਨ ਅਤੇ ਪ੍ਰਭਾਵਿਤ ਅਨਾਜ ਵਿੱਚੋਂ ਪਾਉਡਰ ਨਿਕਲਣਾ ਸ਼ੁਰੂ ਹੋ ਜਾਂਦਾ ਹੈ।

ਸਟੋਰ ਰੂਮ ਤੱਕ ਕੀੜਿਆਂ ਨੂੰ ਨਾ ਪਹੁੰਚਣ ਦਿਓ:

• ਕੁੱਝ ਕੀੜੇ ਅਨਾਜ, ਦਾਲਾਂ ਜਾਂ ਉਸ ਦੀਆਂ ਫਲੀਆਂ ਤੇ ਦਿੱਤੇ ਹੋਏ ਅੰਡਿਆਂ ਦੇ ਮਾਧਿਅਮ ਰਾਹੀਂ ਘਰਾਂ ਵਿੱਚ ਪਹੁੰਚਦੇ ਹਨ। ਇਹ ਅਨਾਜ ਦੀ ਢੋਆ ਢੁਆਈ ਵਾਲੇ ਵਾਹਨ ਨਾਲ ਵੀ ਸਟੋਰ ਰੂਮ ਤੱਕ ਪਹੁੰਚ ਸਕਦੇ ਹਨ। ਕਈ ਵਾਰ ਪੁਰਾਣੀਆਂ ਬੋਰੀਆਂ ਦੀ ਵਰਤੋਂ ਅਤੇ ਸਟੋਰ ਰੂਮ ਦੀਆਂ ਦੀਵਾਰਾਂ ਅਤੇ ਤਰੇੜਾਂ ਵਿੱਚ ਵੜ ਕੇ ਕੀੜੇ ਅਨਾਜ ਤੱਕ ਪਹੁੰਚ ਜਾਂਦੇ ਹਨ।

ਅਨਾਜ ਨੂੰ ਸਟੋਰ ਵਿੱਚ ਰੱਖਣ ਤੋਂ ਪਹਿਲਾਂ ਧੁੱਪ ਵਿੱਚ ਚੰਗੀ ਤਰ੍ਹਾਂ ਸੁਕਾ ਕੇ ਸਾਫ ਕਰ ਲਵੋ । ਧਿਆਨ ਰੱਖੋ ਕਿ ਨਮੀ ਵਾਲੇ ਸਥਾਨ ਤੇ ਰਾਸ਼ਨ ਨੂੰ ਨਾ ਰੱਖੋ ਅਤੇ ਨਵੇਂ ਅਨਾਜ ਨੂੰ ਪੁਰਾਣੇ ਅਨਾਜ ਨਾਲ ਮਿਕਸ ਨਾ ਕਰੋ।

• ਅਨਾਜ ਨੂੰ ਸਟੀਲ ਦੇ ਬਰਤਨ ਵਿੱਚ ਰੱਖੋ। ਜੇਕਰ ਬਰਤਨ ਵਿੱਚ ਜੰਗ ਲੱਗਿਆ ਹੋਵੇ ਤਾਂ ਉਸ ਵਿੱਚ ਅਨਾਜ ਰੱਖਣ ਤੋਂ ਪਹਿਲਾਂ ਪੇਂਟ ਕਰ ਲਓ। ਇਸ ਨਾਲ ਸਮਾਨ ਤੇ ਨਮੀ ਨਹੀਂ ਆਵੇਗੀ।
• ਮੌਜੂਦਾ ਸਮੇਂ ਵਿੱਚ ਪਲਾਸਟਿਕ ਦਾ ਬਰਤਨ ਅਨਾਜ ਰੱਖਣ ਦੇ ਲਈ ਉਪਲੱਬਧ ਹੈ । ਜਿਸ ਕਿਸੇ ਵੀ ਸਥਾਨ ਤੇ ਬਰਤਨ ਰੱਖੋ ਉੱਥੇ ਚਾਰਕੋਲ ਵਿਛਾ ਦਿਓ।
• ਸਟੋਰ ਰੂਮ ਵਿੱਚ ਸਲਫਾਸ, ਡੀਲੋਸਿਆ ਜਾਂ ਫਿਰ ਫਾਸਰੋਕਸੀਂਨ ਦਾ ਧੂੰਆਂ ਕਰ ਲਓ ਤਾਂ ਕਿ ਕੀੜੇ ਪਹਿਲਾਂ ਹੀ ਭੱਜ ਜਾਣ।
• ਜੇਕਰ ਤੁਸੀਂ ਪੁਰਾਣੀਆ ਬੋਰੀਆਂ ਦੀ ਵਰਤੋਂ ਕਰ ਰਹੇ ਹੋ ਤਾਂ ਉਸ ਨੂੰ ਮੈਲਾਥਿਆਨ ਦੇ ਘੋਲ ਵਿੱਚ 10 ਮਿੰਟ ਤੱਕ ਡੁਬੋ ਦਿਓ ਅਤੇ ਫਿਰ ਸੁਖਾਕੇ ਪ੍ਰਯੋਗ ਕਰੋ। ਅਨਾਜ ਦੀ ਬੋਰੀ ਨੂੰ ਹਮੇਸ਼ਾ ਦੀਵਾਰਾਂ ਤੋਂ ਦੂਰ ਰੱਖਣਾ ਚਾਹੀਦਾ ਹੈ।
• ਸਟੋਰ ਰੂਮ ਨੂੰ ਵਾਰ-ਵਾਰ ਨਾ ਖੋਲ੍ਹੋ ਪਰ ਇਸ ਵਿੱਚ ਰੱਖੇ ਅਨਾਜ ਦੀ ਹਰ 15 ਦਿਨ ਬਾਅਦ ਜਾਂਚ ਕਰੋ।
• ਸਟੋਰ ਰੂਮ ਦੇ ਕੋਲ ਗੰਦਗੀ ਨਾ ਜਮ੍ਹਾਂ ਹੋਣ ਦਿਓ। ਸਟੋਰ ਰੂਮ ਦੇ ਖਿੜਕੀ ਦਰਵਾਜ਼ੇ ਚੰਗੀ ਤਰ੍ਹਾਂ ਬੰਦ ਰੱਖੋ ਤਾਂ ਚੂਹੇ ਅੰਦਰ ਨਾ ਜਾ ਸਕਣ।

ਅਨਾਜ ਨੂੰ ਸੁਰੱਖਿਅਤ ਰੱਖਣਾ ਔਰਤਾਂ ਦੇ ਲਈ ਇੱਕ ਚੁਣੌਤੀ ਬਣ ਜਾਂਦਾ ਹੈ ਪਰ ਤੁਸੀਂ ਘਬਰਾਓ ਨਾ । ਤੁਸੀਂ ਆਪਣੇ ਘਰ ਵਿੱਚ ਰੱਖੇ ਅਨਾਜ ਨੂੰ ਘਰ ਵਿੱਚ ਹੀ ਰੱਖੀਆਂ ਚੀਜ਼ਾਂ ਦੁਆਰਾ ਸੁਰੱਖਿਅਤ ਰੱਖ ਸਕਦੇ ਹੋ ਇਸ ਲਈ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਘਰ ਵਿੱਚ ਰੱਖੇ ਅਨਾਜ ਨੂੰ ਸੁਰੱਖਿਅਤ ਰੱਖਣ ਲਈ ਘਰੇਲੂ ਨੁਸਖੇ:

ਨਿੰਮ ਦੀਆਂ ਪੱਤੀਆਂ: ਚੌਲਾਂ ਨੂੰ ਸਟੋਰ ਕਰਨ ਲਈ ਪਹਿਲਾਂ ਨਿੰਮ ਦੀਆਂ ਪੱਤੀਆਂ ਨੂੰ ਛਾਂ ਵਿੱਚ ਸੁਕਾਓ। ਫਿਰ ਬਰਤਨ ਵਿੱਚ ਪਹਿਲਾਂ ਪੱਤੀਆਂ ਰੱਖੋ, ਉਸ ਤੋਂ ਬਾਅਦ ਇਸ ਦੇ ਉੱਪਰ ਚੌਲ ਪਾ ਕੇ ਭਰ ਦਿਓ ਅਤੇ ਚੌਲਾਂ ਦੇ ਉੱਪਰ ਨਿੰਮ ਦੀਆਂ ਪੱਤੀਆਂ ਰੱਖੋ । ਇਸ ਨਾਲ ਚੌਲਾਂ ਵਿੱਚ ਕੀੜੇ ਹੋਣ ਦੀ ਸੰਭਾਵਨਾ ਘੱਟ ਹੋ ਜਾਂਦੀ ਹੈ ਅਤੇ ਜੇਕਰ ਕੀੜੇ ਹੁੰਦੇ ਵੀ ਹਨ ਤਾਂ ਉਹ ਪੱਤੀਆਂ ਨੂੰ ਖਾ ਕੇ ਮਰ ਜਾਂਦੇ ਹਨ।

ਸਰ੍ਹੋਂ ਦਾ ਤੇਲ: ਦਾਲ ਨੂੰ 2-3 ਮਹੀਨੇ ਤੱਕ ਸਟੋਰ ਕਰਨ ਤੋਂ ਪਹਿਲਾਂ ਉਸ ਤੇ ਸਰ੍ਹੋਂ ਦਾ ਤੇਲ ਲਗਾਉਣਾ ਚਾਹੀਦਾ ਹੈ। ਇਸ ਤੋਂ ਬਾਅਦ ਉਸ ਨੂੰ ਧੁੱਪ ਵਿੱਚ ਸੁਖਾਕੇ ਬਰਤਨ ਵਿੱਚ ਭਰਨਾ ਚਾਹੀਦਾ ਹੈ। ਰਾਜ਼ਮਾ, ਛੋਲਿਆਂ ਤੇ ਵੀ ਸਰ੍ਹੋਂ ਦਾ ਤੇਲ ਲਾ ਕੇ ਧੁੱਪ ਵਿੱਚ ਸੁਕਾਉਣ ਤੋਂ ਬਾਅਦ ਬਰਤਨ ਵਿੱਚ ਭਰਨ ਨਾਲ ਉਸ ਵਿੱਚ ਸੁੱਸਰੀ ਵਰਗੇ ਕੀੜੇ ਨਹੀਂ ਆਉਂਦੇ|

ਪਿਆਜ਼: ਕਣਕ ਨੂੰ ਸੁਰੱਖਿਅਤ ਰੱਖਣ ਲਈ ਉਸ ਵਿੱਚ ਪਿਆਜ਼ ਮਿਲਾਇਆ ਜਾ ਸਕਦਾ ਹੈ। ਇੱਕ ਕੁਇੰਟਲ ਕਣਕ ਵਿੱਚ ਅੱਧਾ ਕਿਲੋ ਅਨੁਪਾਤ ਵਿੱਚ ਪਿਆਜ਼ ਮਿਲਾਓ। ਸਭ ਤੋਂ ਪਹਿਲਾਂ ਪਿਆਜ਼ ਨੂੰ ਹੇਠਾਂ ਰੱਖੋ ਤੇ ਫਿਰ ਵਿਚਕਾਰ ਅਤੇ ਉਸਤੋਂ ਬਾਅਦ ਸਭ ਤੋਂ ਉੱਪਰ । ਇਸ ਨਾਲ ਕਣਕ ਨੂੰ ਕੀੜੇ ਨਹੀ ਲੱਗਣਗੇ।

ਨਿੰਮ ਦੀਆਂ ਨਮੋਲੀਆਂ : 100 ਕਿਲੋਗ੍ਰਾਮ ਛੋਲਿਆਂ ਵਿੱਚ ਇੱਕ ਕਿਲੋਗ੍ਰਾਮ ਦੇ ਅਨੁਪਾਤ ਵਿੱਚ ਨਿੰਮ ਦੀਆਂ ਨਮੋਲੀਆਂ ਮਿਲਾਉਣ ਨਾਲ ਛੋਲਿਆਂ ਨੂੰ ਸੁਰੱਖਿਅਤ ਰੱਖਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਆਟੇ ਅਤੇ ਚੌਲਾਂ ਨੂੰ ਕੀੜਿਆਂ ਤੋਂ ਬਚਾਉਣ ਲਈ ਸਾਬੁਤ ਲਾਲ ਮਿਰਚਾਂ ਅਤੇ ਸਾਬੁਤ ਨਮਕ ਕੋਟਨ ਦੇ ਕੱਪੜੇ ਵਿੱਚ ਬੰਨ੍ਹ ਕੇ ਬਰਤਨ ਵਿੱਚ ਪਾਓI

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ