animal diet

ਇਸ ਤਰੀਕੇ ਨਾਲ ਖਵਾਓ ਪਸ਼ੂਆਂ ਨੂੰ ਖੁਰਾਕ, ਵਧੇਗੀ ਦੁੱਧ ਦੀ ਪੈਦਾਵਾਰ

ਪੰਜਾਬ ਵਿੱਚ ਡੇਅਰੀ ਫਾਰਮਿੰਗ ਦੇ ਧੰਦੇ ਵਿੱਚ ਸਭ ਤੋਂ ਜਰੂਰੀ ਦੋ ਗੱਲਾਂ ਹਨ, ਪਸ਼ੂ ਦੀ ਨਸਲ ਅਤੇ ਪਸ਼ੂ ਦੀ ਸਹੀ ਖੁਰਾਕ। ਇੱਕ ਵਧੀਆ ਨਸਲ ਦੇ ਪਸ਼ੂ ਨੂੰ ਉਸਦੀ ਸਮਰੱਥਾ ਮੁਤਾਬਿਕ ਖੁਰਾਕ ਵੀ ਦੇਣੀ ਲਾਜ਼ਮੀ ਹੈ, ਨਹੀਂ ਤਾਂ ਚੰਗੀ ਨਸਲ ਦਾ ਹੋਣ ਦੇ ਬਾਵਜੂਦ ਵੀ ਉਸਦੀ ਦੁੱਧ ਦੀ ਪੈਦਾਵਾਰ ਘੱਟ ਹੀ ਰਹੇਗੀ। ਸੰਤੁਲਿਤ ਖੁਰਾਕ ਤਿਆਰ ਕਰਨ ਲਈ ਸਹੀ ਜਾਣਕਾਰੀ ਹੋਣਾ ਜਰੂਰੀ ਹੈ। ਜਿੰਨਾਂ ਹੋ ਸਕੇ ਘਰ ਦੀ ਬਣਾਈ ਹੋਈ ਫੀਡ ਹੀ ਪਾਓ । ਲਵੇਰੀਆਂ ਨੂੰ ਆਪਣੇ ਸਰੀਰ ਦੀ ਕਾਇਮ ਰੱਖਣ ਤੋਂ ਇਲਾਵਾ, ਦੁੱਧ ਦੇਣ ਲਈ ਅਤੇ ਆਪਣੇ ਪੇਟ ਵਿੱਚ ਪਲ ਰਹੇ ਕੱਟੜੂ/ਵੱਛੜੂ ਦੇ ਵਾਧੇ ਲਈ ਖੁਰਾਕ ਦੀ ਲੋੜ ਪੈਂਦੀ ਹੈ। ਜੇਕਰ ਗੱਭਣ ਪਸ਼ੂਆਂ ਨੂੰ ਲੋੜ ਮੁਤਾਬਿਕ ਖੁਰਾਕ ਨਾ ਮਿਲੇ ਤਾਂ ਇਨਾਂ ਦੀ ਅਗਲੇ ਸੂਏ ਵਿੱਚ ਦੁੱਧ ਦੇਣ ਦੀ ਸਮਰੱਥਾ ਘੱਟ ਜਾਂਦੀ ਹੈ ਤੇ ਕਮਜ਼ੋਰ ਕੱਟੜੂ/ਵੱਛੜੂ ਪੈਦਾ ਹੁੰਦੇ ਹਨ ਜੋ ਕਿ ਬਿਮਾਰੀਆਂ ਦਾ ਵਧੇਰੇ ਸ਼ਿਕਾਰ ਹੁੰਦੇ ਹਨ।ਇਸ ਲਈ ਲਵੇਰੀਆਂ ਦੀ ਖੁਰਾਕ ਬਣਾਉਣ ਅਤੇ ਉਸਨੂੰ ਵਰਤਣ ਸਬੰਧੀ ਕੁੱਝ ਨੁਕਤੇ ਸ਼ੇਅਰ ਕਰ ਰਹੇ ਹਾਂ।

• ਸੱਤ ਕਿੱਲੋ ਤੱਕ ਦੁੱਧ ਦੇਣ ਵਾਲੀਆਂ ਗਾਵਾਂ ਨੂੰ 35-40 ਕਿੱਲੋ ਹਰੇ ਪੱਠੇ ਅਤੇ 2 ਕਿੱਲੋ ਤੂੜੀ ਦੇਵੋ।

• 16 ਲੀਟਰ ਦੁੱਧ ਵਾਲੀਆਂ ਗਾਵਾਂ ਨੂੰ 7-9 ਕਿਲੋ ਸੁੱਕਾ ਦਾਣਾ ਪਾ ਸਕਦੇ ਹੋਂ ਇਸ ਤੋਂ ਜਿਆਦਾ ਨਾ ਪਾਓ ।

• ਵਧੇਰੇ ਦੁੱਧ ਦੇਣ ਵਾਲੀਆਂ ਗਾਵਾਂ ਲਈ ਸੂਏ ਦੇ ਪਹਿਲੇ ਤਿੰਨ ਮਹੀਨੇ 50% ਵੰਡ ਅਤੇ 50% ਚਾਰਾ,ਬਾਅਦ ਵਿੱਚ 40% ਵੰਡ ਅਤੇ 60% ਚਾਰਾ ਅਤੇ ਸੂਏ ਦੇ ਅਖੀਰ ਵਿੱਚ 30% ਵੰਡ ਅਤੇ 70% ਚਾਰਾ ਦੇਵੋ।

• ਇੱਕ ਵਾਰੀ 20-30 ਦਿਨਾਂ ਦਾ ਵੰਡ ਬਣਾ ਕੇ ਰੱਖੋ। ਜਿਆਦਾ ਸਮਾਂ ਸਟੋਰ ਕੀਤੇ ਵੰਡ ਨੂੰ ਉੱਲੀ ਲੱਗ ਜਾਂਦੀ ਹੈ। ਬਰਸਾਤਾਂ ਵਿੱਚ ਉੱਲੀ ਬਹੁਤ ਤੇਜ਼ੀ ਨਾਲ ਵੱਧਦੀ ਹੈ।

• ਦਾਣਿਆਂ ਨੂੰ ਨਾ ਹੀ ਜਿਆਦਾ ਮੋਟਾ ਗਰਾਈਂਡ ਕਰਨਾ ਚਾਹੀਦਾ ਹੈ। ਗਰਾਈਂਡਰ ਵਿੱਚ 1.5 ਮਿ.ਮੀ. ਦੀ ਛਾਨਣੀ ਸਹੀ ਰਹਿੰਦੀ ਹੈ। ਜੇ ਗੋਹੇ ਵਿੱਚ ਦਾਣੇ ਦੇ ਅੰਸ਼ ਦਿਖਾਈ ਦੇਣ ਤਾਂ ਇਸ ਦਾ ਅਰਥ ਹੈ ਕਿ ਛਾਨਣੀ ਦਾ ਸਾਈਜ਼ ਜਿਆਦਾ ਹੈ।

• ਇੱਕ ਤੋਂ ਵੱਧ ਖਲਾਂ ਦੀ ਵਰਤੋਂ ਕਰਨੀ ਚਾਹੀਦੀ ਹੈ, ਤਾਂ ਕਿ ਸਾਰੇ ਅਮੀਨੋ ਐਸਿਡ ਸਹੀ ਮਾਤਰਾ ਵਿੱਚ ਮਿਲ ਸਕਣ।

• ਜੇ ਵੰਡ ਜਿਆਦਾ ਮਾਤਰਾ ਵਿੱਚ ਦੇਣਾ ਹੋਵੇ ਜਿਵੇਂ ਕਿ 7-8 ਕਿਲੋ ਪ੍ਰਤੀ ਦਿਨ ਜਾਂ ਸਾਈਲੇਜ਼ ਵੀ ਪਸ਼ੂ ਦੀ ਖਰਾਕ ਵਿੱਚ ਸ਼ਾਮਿਲ ਹੋਵੇ ਤਾਂ 100 ਕਿਲੋ ਵੰਡ ਵਿੱਚ 1-2 ਕਿਲੋ ਮਿੱਠਾ ਸੋਡਾ ਮਿਲਾ ਦੇਵੋ। ਇਸ ਨਾਲ ਪਸ਼ੂ ਬਦ-ਹਜ਼ਮੀ ਤੋਂ ਬਚਿਆ ਰਹੇਗਾ ਅਤੇ ਦੁੱਧ ਵਿੱਚ ਫੈਟ ਦੀ ਮਾਤਰਾ ਵੀ ਨਹੀਂ ਘਟੇਗੀ।

• ਸੰਤੁਲਿਤ ਖੁਰਾਕ ਸਿਰਫ ਦੁਧਾਰੂਆਂ ਲਈ ਹੀ ਨਹੀਂ ਬਲਕਿ ਕੱਟੀਆਂ, ਵੱਛੀਆਂ ਤੇ ਗੱਭਣ ਪਸ਼ੂਆਂ ਲਈ ਵੀ ਬਹੁਤ ਜਰੂਰੀ ਹੈ।

ਸੋਰਸ- ਗੁਰੂ ਅੰਗਦ ਦੇਵ ਯੂਨੀਵਰਸਿਟੀ , ਲੁਧਿਆਣਾ

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ